ਭਾਰਤੀ ਡਰੱਗ ਕੰਟ੍ਰੋਲਰ ਜਨਰਲ ( ਡੀ. ਸੀ. ਜੀ. ਆਈ.) ਨੇ ਸਵਦੇਸ਼ੀ ਤਕਨੀਕ ਨਾਲ ਤਿਆਰ ਕੋਵਿਡ ਟੀਕੇ ਕੋਰਬੇਵੈਕਸ ਨੂੰ 12 ਤੋਂ 18 ਸਾਲ ਦੇ ਉਮਰ ਵਰਗ ਦੇ ਬੱਚਿਆਂ ਨੂੰ ਐਮਰਜੈਂਸੀ ਹਾਲਤ ’ਚ ਵਰਤੋਂ ਕਰਨ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਕੋਰਬੇਵੈਕਸ ਦਾ ਨਿਰਮਾਣ ਕਰਨ ਵਾਲੀ ਭਾਰਤੀ ਕੰਪਨੀ ਬਾਇਓਲਾਜੀਕਲ ਈ. ਲਿਮਟਿਡ ਨੇ ਦੱਸਿਆ ਕਿ ਡੀ. ਸੀ. ਜੀ. ਆਈ. ਨੇ ਉਸ ਦੇ ਪ੍ਰੋਟੀਨ ਆਧਾਰਤ ਕੋਵਿਡ ਟੀਕੇ ਕੋਰਬੇਵੈਕਸ ਦੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਇਸ ਟੀਕੇ ਲਈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੇਣ ਲਈ ਡੀ. ਸੀ. ਜੀ. ਆਈ. ਦੀ ਮਨਜ਼ੂਰੀ ਪਹਿਲਾਂ ਹੀ ਮਿਲ ਚੁੱਕੀ ਹੈ। ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਮਹਿਮਾ ਡਾਟਲਾ ਨੇ ਹੈਦਰਾਬਾਦ ’ਚ ਕਿਹਾ ਕਿ ਇਹ ਇਕ ਅਹਿਮ ਘਟਨਾਚੱਕਰ ਹੈ ਅਤੇ ਇਸ ਨਾਲ ਦੁਨੀਆ ਨੂੰ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਮਦਦ ਮਿਲੇਗੀ। ਇਸ ਨਾਲ ਬੱਚਿਆਂ ਨੂੰ ਵਿੱਦਿਅਕ ਗਤੀਵਿਧੀਆਂ ‘ਚ ਹਿੱਸਾ ਲੈਣ ‘ਚ ਮਦਦ ਮਿਲੇਗੀ। ਪਿਛਲੇ ਸਾਲ ਸਤੰਬਰ ‘ਚ ਕੰਪਨੀ ਨੂੰ ਕੋਰਬੇਵੈਕਸ ਨੂੰ ਪੰਜ ਤੋਂ 18 ਸਾਲ ਦੀ ਉਮਰ ਵਰਗ ਦੀ ਆਬਾਦੀ ‘ਤੇ ਦੂਜੇ ਅਤੇ ਤੀਜੇ ਪੜਾਅ ਦਾ ਟੈਸਟ ਕਰਨ ਦੀ ਆਗਿਆ ਦਿੱਤੀ ਗਈ ਸੀ। ਅਕਤੂਬਰ 2021 ਵਿਚ ਇਸਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਗਿਆ। ਕੋਰਬੇਵੈਕਸ ਟੀਕੇ ਦੀਆਂ 2 ਖੁਰਾਕਾਂ 28 ਦਿਨ ਦੇ ਅੰਤਰਾਲ ‘ਤੇ ਦਿੱਤੀਆਂ ਜਾਣਗੀਆਂ।