ਬ੍ਰਿਟਿਸ਼ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਦੱਖਣੀ ਏਸ਼ੀਆਈ ਲੋਕਾਂ ਵੱਲੋਂ ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਦੇ ਵਿਰੋਧ ‘ਚ ਰੈਲੀ ਕੱਢੀ ਗਈ, ਜਿਸ ‘ਚ ਤਿੰਨ ਅਕਤੂਬਰ ਨੂੰ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਬਦਲਵੀਂ ਰਾਜਨੀਤੀ ਨੂੰ ਕਵਰ ਕਰਨ ਵਾਲੀ ਇਕ ਆਨਲਾਈਨ ਮੈਗਜ਼ੀਨ ਰੈਡੀਕਲ ਦੇਸੀ ਵੱਲੋਂ ਇਹ ਰੈਲੀ ਸ਼ੁੱਕਰਵਾਰ ਨੂੰ ਸਰੀ ਵਿਚ ਇੰਡੀਅਨ ਵੀਜ਼ਾ ਅਤੇ ਪਾਸਪੋਰਟ ਐਪਲੀਕੇਸ਼ਨ ਸੈਂਟਰ ਦੇ ਬਾਹਰ ਆਯੋਜਿਤ ਕੀਤੀ ਗਈ ਸੀ। ਭਾਗੀਦਾਰਾਂ ਨੇ ਮਿਸ਼ਰਾ ਨੂੰ ਮੁਅੱਤਲ ਕਰਨ ਤੋਂ ਇਲਾਵਾ ਪੀੜਿਤ ਪਰਿਵਾਰਾਂ ਲਈ ਨਿਆਂ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਸਰੀ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੇ ਪਿਉ-ਪੁੱਤਰ ਵਿਰੁੱਧ ਕਾਰਵਾਈ ਅਤੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸ਼ਾਂਤਮਈ ਧਰਨੇ ਦੇ ਰਹੇ ਹਨ ਅਤੇ ਇਹ ਕਾਲੇ ਕਾਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਹਨ। ਰੈਲੀ ਦੇ ਆਰੰਭ ਵਿਚ ਇਕ ਪਲ ਦਾ ਮੌਨ ਰੱਖਿਆ ਗਿਆ ਅਤੇ ਇਸ ਮੌਕੇ ਪੀੜਿਤਾਂ ਦੇ ਨਾਂ ਪੜ੍ਹੇ ਗਏ। ਇਸ ਮੌਕੇ ਇਸ ਹਿੰਸਾ ਵਿਚ ਮਾਰੇ ਗਏ ਇਕ ਆਜ਼ਾਦ ਪੱਤਰਕਾਰ ਨੂੰ ਵੀ ਯਾਦ ਕੀਤਾ ਗਿਆ। ਹਾਜ਼ਰ ਲੋਕਾਂ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ। ਬੁਲਾਰਿਆਂ ਵਿਚ ਪ੍ਰਸਿੱਧ ਸਮਾਜ ਸੇਵੀ ਰਾਕੇਸ਼ ਕੁਮਾਰ, ਇਮਤਿਆਜ਼ ਪੋਪਟ, ਕੁਲਵਿੰਦਰ ਸਿੰਘ, ਕੇਸਰ ਸਿੰਘ ਬਾਗੀ, ਮੀਡੀਆ ਸ਼ਖਸੀਅਤਾਂ ਗੁਰਵਿੰਦਰ ਸਿੰਘ ਧਾਲੀਵਾਲ, ਨਵਜੋਤ ਢਿੱਲੋਂ ਅਤੇ ਰੈਡੀਕਲ ਦੇਸੀ ਨਿਰਦੇਸ਼ਕ ਗੁਰਪ੍ਰੀਤ ਸਿੰਘ ਸ਼ਾਮਲ ਸਨ। ਕਹਾਣੀਕਾਰ ਹਰਪ੍ਰੀਤ ਸੇਖਾ ਵੀ ਹਾਜ਼ਰ ਸਨ।