ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਪਲਾਸਟਿਕ ਕੂੜਾ ਪ੍ਰਬੰਧਨ ਸੋਧ ਨਿਯਮ-2021 ਨੂੰ ਨੋਟੀਫਾਈ ਕਰ ਦਿੱਤਾ ਹੈ ਇਸ ਦੇ ਤਹਿਤ 1 ਜੁਲਾਈ 2022 ਤੋਂ ਲਾਲੀਪਾਪ ਦੀ ਡੰਡੀ, ਕੱਪ, ਪਲੇਟ, ਅਤੇ ਕਟਲਰੀ ਸਮੇਤ ਸਿੰਗਲ ਯੂਜ਼ ਪਲਾਸਟਿਕ ਦੇ ਤੌਰ ‘ਤੇ ਚਿੰਨ੍ਹਿਤ ਵਸਤਾਂ ਦੇ ਉਤਪਾਦਨ, ਆਯਾਤ, ਭੰਡਾਰਣ, ਵੰਡ ਅਤੇ ਵਿਕਰੀ ‘ਤੇ ਰੋਕ ਹੋਵੇਗੀ।
ਇਹ ਨੋਟੀਫਿਕੇਸ਼ਨ 12 ਅਗਸਤ ਨੂੰ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ਸਾਮਾਨ ਲੈ ਜਾਣ ਲਈ ਇਸਤੇਮਾਲ ਹੋਣ ਵਾਲੇ ਪਲਾਸਟਿਕ ਬੈਗ ਦੀ ਮੋਟਾਈ 30 ਸਤੰਬਰ 2021 ਤੋਂ 50 ਮਾਈਕਰੋਨ ਤੋਂ ਵਧਾਕੇ 75 ਮਾਈਕਰੋਨ ਕੀਤੀ ਜਾਵੇਗੀ ਅਤੇ 31 ਦਸੰਬਰ 2022 ਤੋਂ ਇਹ ਮੋਟਾਈ 120 ਮਾਈਕਰੋਨ ਹੋਵੇਗੀ। ਇਸ ਨਾਲ ਪਲਾਸਟਿਕ ਦੇ ਬੈਗ ਦੇ ਦੁਬਾਰਾ ਇਸਤੇਮਾਲ ਨੂੰ ਬੜਾਵਾ ਮਿਲੇਗਾ। ਨੋਟੀਫਿਕੇਸ਼ਨ ਅਨੁਸਾਰ 30 ਸਤੰਬਰ 2021 ਤੋਂ ਗੈਰ ਬੁਣੇ ਹੋਏ ਪਲਾਸਟਿਕ ਬੈਗ ਦਾ ਭਾਰ 60 ਗ੍ਰਾਮ ਪ੍ਰਤੀ ਵਰਗ ਮੀਟਰ ਤੋਂ ਘੱਟ ਨਹੀਂ ਹੋਵੇਗਾ।
ਇਸਦੇ ਨਾਲ ਹੀ ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ, ‘‘ਇੱਕ ਜੁਲਾਈ 2022 ਤੋਂ ਪੌਲੀਸਟਾਈਰੀਨ ਅਤੇ ਲਚਕਦਾਰ ਪੌਲੀਸਟਾਈਰੀਨ ਸਮੇਤ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਆਯਾਤ, ਭੰਡਾਰਣ, ਵੰਡ, ਵਿਕਰੀ ਅਤੇ ਇਸਤੇਮਾਲ ‘ਤੇ ਰੋਕ ਹੋਵੇਗੀ। ਪਲਾਸਟਿਕ ਦੀ ਡੰਡੀ ਯੁਕਤ ਈਅਰ ਬੱਡ, ਗੁੱਬਾਰੇ ਦੀ ਪਲਾਸਟਿਕ ਨਾਲ ਬਣੀ ਡੰਡੀ, ਪਲਾਸਟਿਕ ਦੇ ਝੰਡੇ, ਲਾਲੀਪਾਪ ਅਤੇ ਆਈਸਕ੍ਰੀਮ ਦੀ ਡੰਡੀ, ਸਜਾਵਟ ਵਿੱਚ ਇਸਤੇਮਾਲ ਹੋਣ ਵਾਲੇ ਪੌਲੀਸਟਾਈਰੀਨ (ਥਰਮਾਕੋਲ), ਪਲੇਟ, ਕੱਪ, ਗਲਾਸ, ਕਟਲਰੀ ਵਰਗੇ ਕਾਂਟੇ, ਚਾਕੂ, ਚੱਮਚ, ਮਠਿਆਈ ਦੇ ਡਿੱਬਿਆਂ ਵਿੱਚ ਇਸਤੇਮਾਲ ਪਲਾਸਟਿਕ, 100 ਮਾਈਕਰੋਨ ਤੋਂ ਘੱਟ ਮੋਟੇ ਪਲਾਸਟਿਕ ਜਾਂ ਪੀ.ਵੀ.ਸੀ. ਦੇ ਬੈਨਰ ਆਦਿ ‘ਤੇ ਰੋਕ ਹੋਵੇਗੀ।’’