ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਭਵਨ ਦੇ ਬਾਹਰ ਭਾਰੀ ਹੰਗਾਮਾ ਹੋ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੇ ਆਉਣ ‘ਤੇ ਕਿਸਾਨਾਂ ਨਾਲ ਹੱਥੋਪਾਈ ਕੀਤੀ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਸਮੇਂ ਸਿਰ ਗੇਟ ਨੇੜੇ ਪਹੁੰਚ ਗਏ ਸਨ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਸੀਐੱਮ ਆ ਗਏ ਹਨ ਤੇ ਉਨ੍ਹਾਂ ਨੇ ਕਿਸਾਨਾਂ ਨੂੰ ਧੱਕਾ ਦੇ ਕੇ ਬਾਹਰ ਕਰ ਦਿੱਤਾ।
ਕਿਸਾਨਾਂ ਨੇ ਕਿਹਾ ਕਿ ਉਹ ਉਦੋਂ ਤੱਕ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਜਦੋਂ ਤੱਕ ਮੁੱਖ ਮੰਤਰੀ ਚੰਨੀ ਖੁਦ ਉਨ੍ਹਾਂ ਨੂੰ ਲੈਣ ਨਹੀਂ ਆਉਂਦੇ। ਵਧਦੇ ਵਿਵਾਦ ਨੂੰ ਦੇਖਦਿਆਂ ਸੀ.ਐਮ ਚੰਨੀ ਖੁਦ ਕਿਸਾਨਾਂ ਨੂੰ ਮਨਾਉਣ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰ ਲਈ, ਜਿਸ ਤੋਂ ਬਾਅਦ ਕੁੱਝ ਕਿਸਾਨ ਜੱਥੇਬੰਦੀਆਂ ਮੀਟਿੰਗ ਕਰਨ ਆਏ। ਇਸ ਦੇ ਨਾਲ ਹੀ ਕੁੱਝ ਆਗੂ ਪੰਜਾਬ ਭਵਨ ਦੇ ਬਾਹਰ ਵੀ ਆਪਣੀ ਜ਼ਿੱਦ ‘ਤੇ ਡਟੇ ਹੋਏ ਹਨ।