ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਲੁਧਿਆਣਾ ‘ਚ ਭਾਜਪਾ ਉਮੀਦਵਾਰਾਂ ਦੇ ਪੱਖ ‘ਚ ਚੋਣ ਪ੍ਰਚਾਰ ਕਰਨ ਪੁੱਜੇ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਾਂਗਰਸ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸੱਤਾ ਵਾਲੀ ਸਰਕਾਰ ਨੇ ਸਿਰਫ ਘਪਲੇ ਅਤੇ ਗੁੰਡਾਰਾਜ ਕੀਤਾ ਹੈ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕੋਵਿਡ ਦੇ ਔਖੇ ਸਮੇਂ ਦੌਰਾਨ ਵੀ ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਲੈ ਕੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਘਪਲੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਵਾਂ ਪੰਜਾਬ ਤਹਿਤ ਭਾਜਪਾ ਹੀ ਆਪਣੀ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਸੱਤਾ ‘ਚ ਰਹਿਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਲਈ ਕੋਈ ਕੰਮ ਨਹੀਂ ਕੀਤਾ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨੇ ਇੰਨੇ ਸਾਲ ਰਾਜ ਕੀਤਾ ਪਰ ਫਿਰ ਵੀ ਪੰਜਾਬ ਨੂੰ ਉਸ ਮੁਕਾਮ ਤੱਕ ਨਹੀਂ ਲਿਜਾ ਸਕੀ, ਜਿੱਥੇ ਪੁੱਜਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ‘ਚ ਕਾਂਗਰਸ ਦੀ ਸਰਕਾਰ ਸੀ ਤਾਂ ਪੰਜਾਬੀ ਬੱਚਿਆਂ ਨੂੰ ਸਿਰਫ 15 ਲੱਖ ਦੀ ਵਜ਼ੀਫ਼ਾ ਸਕੀਮ ਦਿੱਤੀ ਜਾ ਰਹੀ ਸੀ ਪਰ ਜਦੋਂ ਮੋਦੀ ਸਰਕਾਰ ਆਈ ਤਾਂ ਇਹ ਵਜ਼ੀਫ਼ਾ ਸਕੀਮ 30 ਲੱਖ ਤੱਕ ਪੁੱਜ ਗਈ। ਉਨ੍ਹਾਂ ਕਿਹਾ ਕਿ ਜੋ ਕੰਮ ਕਾਂਗਰਸ 50 ਸਾਲਾਂ ‘ਚ ਨਾ ਕਰ ਸਕੀ, ਉਹ ਕੰਮ ਭਾਜਪਾ ਨੇ 7 ਸਾਲਾਂ ‘ਚ ਕਰ ਦਿਖਾਇਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬੀਆਂ ‘ਤੇ ਅਤਿਆਚਾਰ ਕੀਤਾ, ਉਨ੍ਹਾਂ ਤੇ ਮਲ੍ਹਮ ਲਾਉਣ ਦਾ ਕੰਮ ਜੇਕਰ ਕਿਸੇ ਨੇ ਕੀਤਾ ਹੈ ਤਾਂ ਉਹ ਮੋਦੀ ਸਰਕਾਰ ਨੇ ਕੀਤਾ ਹੈ।