ਅਦਾਕਾਰਾ ਕਰੀਨਾ ਕਪੂਰ ਖ਼ਾਨ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ।ਹੁਣ ਕਰੀਨਾ ਇਕ ਮੁਸੀਬਤ ’ਚ ਘਿਰਦੀ ਨਜ਼ਰ ਆ ਰਹੀ ਹੈ। ਕਰੀਨਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਸਲ ’ਚ ਕੁੱਝ ਦਿਨ ਪਹਿਲਾਂ ਕਰੀਨਾ ਕਪੂਰ ਨੇ ਆਪਣੀ ਗਰਭ ਅਵਸਥਾ ਦੇ ਤਜਰਬਿਆਂ ਬਾਰੇ ਦੱਸਣ ਲਈ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਲਾਂਚ ਕੀਤੀ ਸੀ, ਜਿਸ ਕਰਕੇ ਇੱਕ ਭਾਈਚਾਰੇ ’ਚ ਗੁੱਸਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਅਨੁਸਾਰ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਪੀ. ਟੀ. ਆਈ. ਦੀ ਇਕ ਰਿਪੋਰਟ ਅਨੁਸਾਰ ਮਾਮਲਾ ਮਹਾਰਾਸ਼ਟਰ ਦੇ ਬੀਡ ਖ਼ੇਤਰ ਦਾ ਹੈ। ਅਲਫ਼ਾ ਓਮੇਗਾ ਕ੍ਰਿਸ਼ਚਨ ਫੈੱਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਵੱਲੋਂ ਕਰੀਨਾ ਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਬੀਡ ਦੇ ਸ਼ਿਵਾਜੀ ਨਗਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।
View this post on Instagram
ਇਸ ਸੰਬੰਧੀ ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ‘ਬਾਈਬਲ’ ਕਿਤਾਬ ਦੇ ਸਿਰਲੇਖ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿੰਦੇ ਨੇ ਆਈ. ਪੀ. ਸੀ. ਦੀ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਥਾਣਾ ਇੰਚਾਰਜ ਸਾਇਨਾਥ ਥੋਂਬਰੇ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ।ਪਰ ਅਜੇ ਤੱਕ ਇਸ ਸੰਬੰਧੀ ਕੋਈ ਰਿਪੋਰਟ ਦਾਇਰ ਨਹੀਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਇੱਥੇ ਨਹੀਂ ਵਾਪਰੀ ਹੈ, ਇਸ ਲਈ ਇੱਥੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਮੈਂ ਉਸ ਨੂੰ ਮੁੰਬਈ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ।