ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਵੱਖ-ਵੱਖ ਦੇਸ਼ਾਂ ਵੱਲੋਂ ਇਸ ਲਈ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਲਈ ਹੀ ਆਸਟ੍ਰੇਲੀਆ ‘ਚ ਹੁਣ 5-11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਦਰਅਸਲ ਦੇਸ਼ ਦੇ ਡਰੱਗ ਰੈਗੂਲੇਟਰਾਂ ਨੇ ਐਤਵਾਰ ਨੂੰ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਹ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ, ‘ਉਨ੍ਹਾਂ ਨੇ ਸਾਵਧਾਨੀ ਨਾਲ ਇਸ ਦੀ ਪੂਰੀ ਜਾਂਚ ਕੀਤੀ ਤੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਦੱਸਿਆ।
ਸ਼ੁਰੂ ਵਿਚ ਆਸਟਰੇਲੀਆ ਨੇ ਕੋਰੋਨਾ ਟੀਕਾਕਰਨ ਦੀ ਪ੍ਰਕਿਰਿਆ ਨੂੰ ਅਪਣਾਉਣ ਵਿਚ ਦੇਰੀ ਕੀਤੀ ਪਰ ਫਿਰ ਇਹ ਦੁਨੀਆ ਵਿਚ ਸਭ ਤੋਂ ਵੱਧ ਟੀਕੇ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ। ਦੱਸ ਦੇਈਏ ਕਿ 16 ਸਾਲ ਤੋਂ ਵੱਧ ਉਮਰ ਦੇ 88 ਫੀਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦਾ ਵਿਰੋਧ ਕਰਨ ਵਾਲੇ ਬਹੁਤ ਘੱਟ ਲੋਕ ਹਨ। ਹਾਲਾਂਕਿ ਉਹ ਟੀਕੇ ਦੇ ਵਿਰੋਧ ਵਿਚ ਹਰ ਹਫ਼ਤੇ ਇਕ ਰੈਲੀ ਕੱਢ ਰਹੇ ਹਨ।
ਕੋਰੋਨਾ ਵੈਕਸੀਨ ਦਾ ਵਿਰੋਧ ਕਰ ਰਹੇ ਲੋਕਾਂ ਦੇ ਇਕ ਸਮੂਹ ਨੇ ਟੀਕੇ ਦੀ ਇਕ ਖੁਰਾਕ ਲੈਣ ਤੋਂ ਬਾਅਦ ਮਾੜੇ ਪ੍ਰਭਾਵਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। 10,000 ਤੋਂ ਵੱਧ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੇ ਮਾੜੇ ਪ੍ਰਭਾਵ ਸਨ, ਜਿਸ ਲਈ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਹੋਣਾ ਪਿਆ। ਹਾਲਾਂਕਿ ਦੇਸ਼ ਦੀ ਸਰਕਾਰ ਨੇ ਅਜੇ ਤਕ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ ਕਿ ਮੁਆਵਜ਼ਾ ਦੇਣ ਲਈ ਸਬੂਤ ਦੇ ਕਿਹੜੇ ਮਿਆਰ ਦੀ ਲੋੜ ਹੋਵੇਗੀ ਕਿ ਕੀ ਕਿਸੇ ਵਿਅਕਤੀ ਨੂੰ ਟੀਕੇ ਦੇ ਮਾੜੇ ਪ੍ਰਭਾਵ ਹੋਏ ਹਨ ਜਾਂ ਨਹੀਂ।