ਕੇਂਦਰ ਸਰਕਾਰ ਨੇ ਜਨਤਾ ਨੂੰ ਤੋਹਫਾ ਦਿੱਤਾ ਹੈ। ਕੋਰੋਨਾ ਦੇ ਦੌਰ ਵਿੱਚ ਮਹਿੰਗਾਈ ਕਾਰਨ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਨੇ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ ਵਰਗੇ ਖਾਣ ਵਾਲੇ ਤੇਲ ਦੀ ਦਰਾਮਦ ‘ਤੇ ਬੇਸ ਇੰਪੋਰਟ ਡਿਊਟੀ ਘਟਾ ਦਿੱਤੀ ਹੈ। ਅਜਿਹਾ ਕਰਨ ਕਾਰਨ ਇਸ ਨਾਲ ਖਾਣਾ ਪਕਾਉਣ ਵਿੱਚ ਵਰਤੇ ਜਾਣ ਵਾਲੇ ਤੇਲ ਦੀ ਕੀਮਤ ਤਿਉਹਾਰਾਂ ਤੋਂ ਪਹਿਲਾਂ ਹੇਠਾਂ ਆ ਜਾਵੇਗੀ।
ਇੱਕ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਕੱਚੇ ਪਾਮ ਤੇਲ, ਕੱਚੇ ਸੋਇਆ ਤੇਲ ਅਤੇ ਕੱਚੇ ਸੂਰਜਮੁਖੀ ਦੇ ਤੇਲ ‘ਤੇ ਬੇਸ ਇੰਪੋਰਟ ਡਿਊਟੀ ਹੁਣ 2.5 ਫੀਸਦੀ ਹੋ ਗਈ ਹੈ। ਜਦੋਂ ਕਿ ਪਹਿਲਾਂ ਕੱਚੇ ਪਾਮ ਤੇਲ ‘ਤੇ 10 ਫੀਸਦੀ ਅਤੇ ਕੱਚੇ ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ ‘ਤੇ 7.5 ਫੀਸਦੀ ਦਾ ਬੇਸ ਇੰਪੋਰਟ ਟੈਕਸ ਸੀ। ਇਸ ਦੇ ਨਾਲ ਹੀ ਰਿਫਾਈਂਡ ਗ੍ਰੇਡ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ ‘ਤੇ ਬੇਸ ਇੰਪੋਰਟ ਡਿਊਟੀ 37.5 ਫੀਸਦੀ ਤੋਂ ਘੱਟ ਕੇ 32.5 ਫੀਸਦੀ ‘ਤੇ ਆ ਗਈ ਹੈ।
ਬੇਸ ਇੰਪੋਰਟ ਡਿਊਟੀ ਘਟਣ ਤੋਂ ਬਾਅਦ ਹੁਣ ਕੱਚੇ ਪਾਮ ਤੇਲ, ਸੋਇਆਬੀਨ ਤੇਲ ਅਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ‘ਤੇ ਕੁੱਲ 24.75 ਫੀਸਦੀ ਟੈਕਸ ਲੱਗੇਗਾ। ਇਸ ਵਿੱਚ 2.5 ਫੀਸਦੀ ਦੀ ਬੇਸ ਇੰਪੋਰਟ ਡਿਊਟੀ ਅਤੇ ਹੋਰ ਟੈਕਸ ਸ਼ਾਮਲ ਹਨ। ਇਸੇ ਤਰ੍ਹਾਂ ਰਿਫਾਈਂਡ ਪਾਮ ਤੇਲ, ਸੋਇਆਬੀਨ ਤੇਲ ਅਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ‘ਤੇ ਹੁਣ ਕੁੱਲ 35.75 ਫੀਸਦੀ ਟੈਕਸ ਲੱਗੇਗਾ
ਇੰਡਸਟਰੀ ਬਾਡੀ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ਼ ਇੰਡੀਆ (ਐਸਈਏ) ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਡਾਕਟਰ ਬੀਵੀ ਮਹਿਤਾ ਨੇ ਕਿਹਾ ਕਿ, ਕੋਰੋਨਾਵਾਇਰਸ ਮਹਾਂਮਾਰੀ ਸੰਕਟ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਿੱਚ ਰਿਕਾਰਡ ਵਾਧੇ ਦੇ ਕਾਰਨ ਇਹ ਲਗਾਤਾਰ ਦੂਜੇ ਸਾਲ ਗਿਰਾਵਟ ਆ ਸਕਦੀ ਹੈ।ਕੇਂਦਰ ਸਰਕਾਰ ਦੇ ਇਸ ਕਦਮ ਨਾਲ ਤੇਲ ਦੀਆਂ ਕੀਮਤਾਂ ਘਟਣ ਦੇ ਨਾਲ-ਨਾਲ ਖਪਤ ਵਿੱਚ ਵੀ ਵਾਧਾ ਹੋ ਸਕਦਾ ਹੈ।