ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਲਈ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਇਸ ਹਿਸਾਬ ਨਾਲ ਹਰ ਖਪਤਕਾਰ ਨੂੰ ਬਿਜਲੀ ਬਿੱਲ ਉਤੇ 600 ਯੂਨਿਟ ਮੁਫਤ ਮਿਲੇਗੀ। ਕਿਉਂਕਿ ਬਿਜਲੀ ਦਾ ਬਿੱਲ ਦੋ ਮਹੀਨੇ ਬਾਅਦ ਆਉਂਦਾ ਹੈ।
ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਹਰ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲੇਗੀ। ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਸਹੂਲਤਾਂ ਵਿਚ ਲਾਈਆਂ ਕੁਝ ਸ਼ਰਤਾਂ ਉਤੇ ਸਵਾਲ ਚੁੱਕੇ ਹਨ। ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਆਖਿਆ ਹੈ ਕਿ ਆਪ ਸਰਕਾਰ ਨੇ ਜਿਹੜਾ 300 ਯੂਨਿਟ ਮੁਫਤ ਵਾਲਾ ਫੈਸਲਾ ਕੀਤਾ ਹੈ, ਇਹ ਅੱਧ-ਅਧੂਰਾ ਫੈਸਲਾ ਹੈ।
ਉਨ੍ਹਾਂ ਆਖਿਆ ਹੈ ਕਿ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇਕਰ ਜਨਰਲ ਵਰਗ ਵਿਚ 300 ਤੋਂ ਇਕ ਵੀ ਯੂਨਿਟ ਵੱਧ ਹੋ ਗਈ ਤਾਂ ਪੂਰਾ ਬਿੱਲ ਭਰਨਾ ਪਵੇਗਾ। ਵੇਰਕਾ ਨੇ ਆਖਿਆ ਕਿ ਲੋਕਾਂ ਨੂੰ ਮੀਟਰ ਕੋਲ ਬੈਠ ਕੇ ਚੌਂਕੀਦਾਰੀ ਕਰਨੀ ਪਵੇਗੀ ਕਿ ਕਿਤੇ 300 ਤੋਂ ਇਕ ਵੀ ਯੂਨਿਟ ਵੱਧ ਨਾ ਹੋ ਜਾਵੇ।
ਜੇਕਰ ਕਾਂਗਰਸ ਨੇ 3 ਰੁਪਏ ਯੂਨਿਟ ਘਟਾਇਆ ਸੀ ਤਾਂ ਸਾਰਿਆਂ ਲਈ ਘਟਾਇਆ ਸੀ। ਇਸ ਲਈ ਜੇਕਰ ਤੁਸੀਂ ਮੁਆਫ ਕਰਨਾ ਹੈ ਤਾਂ ਸਭ ਦਾ ਮੁਆਫ ਕਰ ਦਿਓ। ਇਹ ਸ਼ਰਤਾਂ ਵਾਲਾ ਫੈਸਲਾ ਸਹੀ ਨਹੀਂ ਹੈ। ਇਸ ਲਈ ਭਗਵੰਤ ਮਾਨ ਨੂੰ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।