ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ ਕੱਟੜ ਦੇਸ਼ ਭਗਤ ਹੈ ਅਤੇ ਉਨ੍ਹਾਂ ਨੂੰ ਆਪਣੇ ਹਰ ਵਰਕਰ ‘ਤੇ ਮਾਣ ਹੈ। ‘ਆਪ’ ਦਾ ਹਰ ਵਰਕਰ ਦੇਸ਼ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਲਈ ਉਨ੍ਹਾਂ ਨਾਲ ਜੁੜਿਆ ਹੋਇਆ ਹੈ।
ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੀਟਿੰਗ ਦੌਰਾਨ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦੇਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣਾਂ ਸੱਤਾ ਹਾਸਲ ਕਰਨ ਦਾ ਜ਼ਰੀਆ ਨਹੀਂ, ਸਾਡੇ ਲਈ ਚੋਣਾਂ ਇਕ ਪਾਰਟੀ ਦੀ ਥਾਂ ਦੂਜੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਜ਼ਰੀਆ ਨਹੀਂ ਹਨ।
ਸਾਹਿਬਜ਼ਾਦਿਆਂ ਨੂੰ ਲੈ ਕੇਂਦਰ ਸਰਕਾਰ ਦਾ ਵੱਡਾ ਐਲਾਨ, ਸੁਣੋ ਕਿਸ ਦਿਨ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’ ?
ਪਾਰਟੀਆਂ ਬਦਲਣ ਨਾਲ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ 70 ਸਾਲ ਹੋ ਗਏ ਹਨ, ਪਾਰਟੀਆਂ ਬਦਲਦੇ ਬਦਲੇ, ਕੁਝ ਨਹੀਂ ਬਦਲਿਆ, ਸਭ ਕੁਝ ਉਂਝ ਹੀ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵਰਕਰਾਂ ਨੂੰ ਕਿਹਾ ਕਿ ਸਾਨੂੰ ਸਿਸਟਮ ਬਦਲਣਾ ਹੈ, ਪੂਰੇ ਦਾ ਪੂਰਾ ਸਿਸਟਮ ਬਦਲਣਾ ਹੋਵੇਗਾ। ‘ਆਪ’ ਲਈ ਚੋਣਾਂ ਦੇਸ਼ ਅਤੇ ਸਮਾਜ ‘ਚ ਬਦਲਾਅ ਲਿਆਉਣ ਦਾ ਜ਼ਰੀਆ ਹਨ। ਇਹ ਸਾਡੇ ਲਈ ਇੱਕ ਬਦਲਾਅ ਲਿਆਉਣ ਦਾ ਮੌਕਾ ਹੈ।
ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਲਈ ਨਿਕਲਣ ਤਾਂ ਉਹ ਸਿਰਫ਼ ਇੱਕ ਇਰਾਦੇ ਨਾਲ ਨਿਕਲਣ ਕਿ ਉਹ ਦੇਸ਼ ਵਿੱਚ ਵੱਡੇ ਬਦਲਾਅ ਲਈ ਕੰਮ ਕਰ ਰਹੇ ਹਨ, ਉਹ ਪ੍ਰਚਾਰ ਨਹੀਂ ਕਰ ਰਹੇ, ਸਗੋਂ ਦੇਸ਼ ਭਗਤੀ ਦਾ ਕੰਮ ਕਰ ਰਹੇ ਹਨ। ਇਹਨਾਂ ਚੋਣਾਂ ਦਾ ਮਕਸਦ ਇੱਕ ਪਾਰਟੀ ਨੂੰ ਬਦਲਕੇ ਦੂਜੀ ਪਾਰਟੀ ਲਿਆਉਣਾ ਨਹੀਂ ਸਗੋਂ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਪੁੱਟ ਕੇ ਇੱਕ ਇਮਾਨਦਾਰ ਸਿਸਟਮ ਲਿਆਉਣਾ ਹੈ।
ਭਗਵੰਤ ਮਾਨ ਨੇ ਕੀਤਾ ਨਵਾਂ ਚੈਂਲੇਜ, ਵਿਰੋਧੀਆਂ ਨਾਲ Face to Face ਕਰਾਂਗੇ ਬਹਿਸ
ਦਿੱਲੀ ਦੀ ‘ਆਪ’ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਪਰਿਵਰਤਨ ਸੰਭਵ ਹੈ। ਬਦਲਾਅ ਹੋ ਸਕਦਾ ਹੈ। ਅੱਜ ਤੱਕ ਇਹ ਪਾਰਟੀਆਂ ਦੱਸਦੀਆਂ ਰਹੀਆਂ ਹਨ ਕਿ ਸਰਕਾਰ ਚਲਾਉਣਾ ਬਹੁਤ ਔਖਾ ਕੰਮ ਹੈ, ਸਰਕਾਰ ਚਲਾਉਣ ਲਈ ਥੋੜੀ ਬਹੁਤ ਬੇਈਮਾਨੀ ਤਾਂ ਕਰਨੀ ਹੀ ਪੈਂਦੀ ਹੈ। ਪਰ ‘ਆਪ’ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਨਾਲ ਵੀ ਸਰਕਾਰਾਂ ਚਲਾਈਆਂ ਜਾ ਸਕਦੀਆਂ ਹਨ। ਇਨ੍ਹਾਂ ਪਾਰਟੀਆਂ ਨੇ ਅੱਜ ਤੱਕ ਸਾਨੂੰ ਇਹੋ ਦੱਸਿਆ ਹੈ ਕਿ ਚੋਣਾਂ ਲੜਨ ਲਈ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ ਅਤੇ ਚੋਣ ਜਿੱਤਣ ਲਈ ਬੇਈਮਾਨ ਹੋਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਨੇ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਇਮਾਨਦਾਰੀ ਨਾਲ ਵੀ ਲੜੀਆਂ ਜਾ ਸਕਦੀਆਂ ਹਨ ਅਤੇ ਜਿੱਤੀਆਂ ਵੀ ਜਾ ਸਕਦੀਆਂ ਹਨ। ਹੁਣ ਤੱਕ ਸਾਨੂੰ ਕਿਹਾ ਗਿਆ ਹੈ ਕਿ ਸਰਕਾਰੀ ਸਕੂਲ ਸ਼ਾਨਦਾਰ ਨਹੀਂ ਹੋ ਸਕਦੇ, ਸਰਕਾਰੀ ਸਕੂਲ ਕਾਰਪੋਰੇਟ ਸੈਕਟਰ ਨੂੰ ਦੇ ਦੇਣੇ ਚਾਹੀਦੇ ਹਨ। ਹੁਣ ਤੱਕ ਕਿਹਾ ਜਾਂਦਾ ਸੀ ਕਿ ਗਰੀਬਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ।
ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਦਿੱਲੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਵੀ ਸ਼ਾਨਦਾਰ ਹੋ ਸਕਦੇ ਹਨ ਅਤੇ ਗਰੀਬਾਂ ਦੇ ਬੱਚਿਆਂ ਨੂੰ ਵੀ ਅਮੀਰਾਂ ਦੇ ਬੱਚਿਆਂ ਵਾਂਗ ਮਿਆਰੀ ਸਿੱਖਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਇਹ ਕਿ ਇਹ ਪਾਰਟੀਆਂ 75 ਸਾਲਾਂ ਵਿੱਚ ਵੀ ਸਰਕਾਰੀ ਹਸਪਤਾਲ ਠੀਕ ਨਹੀਂ ਕਰ ਸਕੀਆਂ, ਅਸੀਂ ਪੰਜ ਸਾਲਾਂ ਵਿੱਚ ਕਰ ਦਿੱਤੇ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਅਜਿਹਾ ਹੋ ਤਾਂ ਸਕਦਾ ਹੈ, ਪਰਿਵਰਤਨ ਸੰਭਵ ਹੈ, ਦੇਸ਼ ਬਦਲ ਸਕਦਾ ਹੈ। ‘ਆਪ’ ਦੀ ਦਿੱਲੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਇੱਕ ਵੱਡੀ ਉਮੀਦ ਦਿੱਤੀ ਹੈ, ਸਭ ਕੁਝ ਸੰਭਵ ਹੈ, ਪਰ ਆਸਾਨ ਨਹੀਂ, ਮਿਹਨਤ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਦੀ ਲੜਾਈ ਵਾਂਗ ਹੈ, ਉਸ ਸਮੇਂ ਅਸੀਂ ਅੰਗਰੇਜ਼ਾਂ ਨਾਲ ਲੜ ਰਹੇ ਸੀ, ਅੱਜ ਸਾਡੇ ਸਾਹਮਣੇ ਪੂਰਾ ਭ੍ਰਿਸ਼ਟ ਸਿਸਟਮ ਹੈ, ਵੱਡੀਆਂ ਵੱਡੀਆਂ ਪਾਰਟੀਆਂ ਹਨ, ਉਨ੍ਹਾਂ ਪਾਰਟੀਆਂ ਕੋਲ ਬਹੁਤ ਪੈਸਾ ਹੈ, ਸਾਡੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜਨੂੰਨ ਹੈ, ਸਾਡੇ ਕੋਲ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਹਰ ਵਰਕਰ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੌਂਣਗੇ ਜਦੋਂ ਤੱਕ ਇਸ ਦੇਸ਼ ਵਿੱਚੋਂ ਭ੍ਰਿਸ਼ਟ ਸਿਸਟਮ ਨੂੰ ਜੜ ਤੋਂ ਉਖਾੜ ਨਹੀਂ ਦਿੰਦੇ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਬੀਤੇ ਕੱਲ੍ਹ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਕਾਰਨ ਚੋਣ ਪ੍ਰਚਾਰ ‘ਤੇ ਕਈ ਪਾਬੰਦੀਆਂ ਹਨ, ਪਰ ਡੋਰ ਟੂ ਡੋਰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅੱਜ ਤੋਂ ਅਤੇ ਹੁਣ ਤੋਂ ਹੀ ਘਰ-ਘਰ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇ ਘਰ ਡੋਰ ਟੂ ਡੋਰ ਪ੍ਰਚਾਰ ਕਰਨ ਲਈ ਜਾਣ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਹਾਲ ਪੁੱਛਿਆ ਜਾਵੇ, ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਸ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਦੱਸੋ ਕਿ ਦਿੱਲੀ ‘ਚ ‘ਆਪ’ ਸਰਕਾਰ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ। ਉਨ੍ਹਾਂ ਨੂੰ ਦੱਸੀ ਕਿ ਦਿੱਲੀ ਵਿੱਚ ਸਕੂਲ, ਹਸਪਤਾਲ, ਸੜਕਾਂ, ਬਿਜਲੀ ਅਤੇ ਪਾਣੀ ਕਿਵੇਂ ਠੀਕ ਹੋਏ। ਦੱਸੋ ਕਿ ਜੇਕਰ ਉਹ੍ਹਾਂ ਦੇ ਇਥੇ ਵੀ ‘ਆਪ’ ਦੀ ਸਰਕਾਰ ਬਣੀ ਤਾਂ ਉਨ੍ਹਾਂ ਦੇ ਸੂਬੇ ਵਿੱਚ ਵੀ ਦਿੱਲੀ ਵਾਂਗ ਚੰਗੇ ਕੰਮ ਕੀਤੇ ਜਾਣਗੇ।
ਕੇਜਰੀਵਾਲ ਨੇ ਵਰਕਰਾਂ ਨੂੰ ਆਪਣੇ ਸੰਬੋਧਨ ‘ਚ ਇਹ ਯਾਦ ਰੱਖਣ ਲਈ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਵਾਲੇ ਨੂੰ ਗੱਲ ਨਾ ਕੱਢਣ, ਕਿਸੇ ਬਾਰੇ ਪੁੱਠਾ ਸਿੱਧਾ ਨਾ ਬੋਲਣ, ਅਸੀਂ ਸਿਰਫ ਪਾਜ਼ਿਟਿਵ ਚੋਣ ਪ੍ਰਚਾਰ ਕਰਨਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਲੋਕਾਂ ਪਹੁੰਚ ਕਰਨੀ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਫਲਾਣਾ ਫਲਾਣਾ ਵਿਅਕਤੀ ਉਸ ਪਾਰਟੀ ਦਾ ਹੈ, ਉੱਥੇ ਜਾ ਕੇ ਸਾਨੂੰ ਕੀ ਮਿਲੇਗਾ।
ਉਹਨਾਂ ਕਿਹਾ ਕਿ ਹਰ ਕੋਈ ਸਾਡਾ ਆਪਣਾ ਹੈ ਅਤੇ ਅਸੀਂ ਸਾਰਿਆਂ ਦਾ ਦਿਲ ਜਿੱਤਣਾ ਹੈ, ਸਭ ਨੂੰ ਗਲੇ ਮਿਲਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁੱਛਦਾ ਹੈ ਕਿ ‘ਆਪ’ ਹਰ ਵੇਲੇ ‘ਫ੍ਰੀ-ਫ੍ਰੀ’ ਕਿਉਂ ਕਰਦੀ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਪੁੱਛੋ ਕਿ ਕੀ ਇਹ ਸਰਕਾਰ ਦਾ ਫਰਜ਼ ਨਹੀਂ ਕਿ ਦੇਸ਼ ਦੇ ਹਰ ਬੱਚੇ ਨੂੰ ਮਿਆਰੀ ਸਿਖਿਆ ਮਿਲੇ ਅਤੇ ਮੁਫ਼ਤ ਮਿਲੇ, ਕੀ ਇਹ ਸਰਕਾਰ ਦਾ ਫਰਜ਼ ਨਹੀਂ ਹੈ ਕਿ ਹਰ ਨਾਗਰਿਕ ਨੂੰ ਵਧੀਆ ਇਲਾਜ ਮਿਲੇ ਅਤੇ ਮੁਫ਼ਤ ਵਿੱਚ ਮਿਲੇ।
ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਦਾ ਮਤਲਬ ਇਹ ਹੋ ਗਿਆ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਾਰੀਆਂ ਸਹੂਲਤਾਂ ਫ੍ਰੀ ‘ਚ ਮਿਲਣੀਆਂ ਚਾਹੀਦੀਆਂ ਹਨ ਅਤੇ ਲੋਕ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹਿਣ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਪਰਿਭਾਸ਼ਾ ਬਦਲਾਂਗੇ। ਹੁਣ ਇਸ ਦੇ ਉਲਟ ਹੋਵੇਗਾ, ਮੰਤਰੀ ਅਤੇ ਵਿਧਾਇਕ ਜਨਤਾ ਦੀ ਸੇਵਾ ਕਰਨਗੇ ਅਤੇ ਜਨਤਾ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ।
ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਇਕ ਮਹੀਨਿਆਂ ਲਈ ਸਾਰੇ ਆਪੋ-ਆਪਣੇ ਕੰਮਾਂ ਤੋਂ ਛੁੱਟੀ ਲੈ ਲੈਣ, ਅਗਲਾ ਇਕ ਮਹੀਨਾ ਦੇਸ਼ ਦੇ ਨਾਂਅ ਕਰ ਦੇਣ। ਅਗਲੇ ਇੱਕ ਮਹੀਨੇ ਦੌਰਾਨ ਅਸੀਂ ਘਰ-ਘਰ ਜਾਣਾ ਹੈ, ਹਰ ਬੂਥ ਪੱਧਰ ‘ਤੇ ਘੱਟੋ-ਘੱਟ ਦਸ ਵਰਕਰਾਂ ਦੀ ਟੀਮ ਬਣਾਉਣੀ ਹੈ, ਇੱਕ-ਇੱਕ ਵਰਕਰ ਬੂਥ ਪੱਧਰ ‘ਤੇ ਹਰ ਘਰ ਜਾ ਕੇ ਪਾਰਟੀ ਦਾ ਸੰਦੇਸ਼ ਪਹੁੰਚਾਏਗਾ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਵਧਦੇ ਕੋਰੋਨਾ ਦੌਰਾਨ ਚੋਣਾਂ ਲੜ ਰਹੇ ਹਾਂ, ਸਾਨੂੰ ਸਾਵਧਾਨ ਰਹਿਣਾ ਹੋਵੇਗਾ ਅਤੇ ਇੱਕ ਦੂਜੇ ਦੀ ਸੁਰੱਖਿਆ ਦਾ ਵੀ ਖਿਆਲ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਤੁਹਾਨੂੰ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ ਅਤੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਡਿਜੀਟਲ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ।
ਉਨ੍ਹਾਂ ਕਿਹਾ ਕਿ ਹੁਣ ‘ਆਪ’ ਦੇ ਸਾਰੇ ਵਰਕਰ ਇਸ ਵਿੱਚ ਮਾਸਟਰ ਹਨ। ਹੁਣ ਸਾਡੀ ਇਸ ਤਾਕਤ ਨੂੰ ਵਰਤਣ ਦਾ ਸਮਾਂ ਆ ਗਿਆ ਹੈ। ਅਸੀਂ ਸੋਸ਼ਲ ਮੀਡੀਆ ਰਾਹੀਂ ਹਰ ਵੋਟਰ, ਹਰ ਘਰ ਤੱਕ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਯਾਦ ਰੱਖੋ ਕਿ ਉਹ ਦੇਸ਼ ਨੂੰ ਬਦਲਣ ਲਈ ਆਏ ਹਨ, ‘ਆਪ’ ਦਾ ਹਰ ਵਰਕਰ ਕੱਟੜ ਦੇਸ਼ ਭਗਤ ਹੈ ਅਤੇ ਮੈਨੂੰ ਤੁਹਾਡੇ ਸਾਰਿਆਂ ‘ਤੇ ਬਹੁਤ ਮਾਣ ਹੈ।








