ਅਫਗਾਨਿਸਤਾਨ ਵਿਚ ਅੱਜ ਜੁਮੇ ਦੀ ਨਮਾਜ਼ ਦੌਰਾਨ ਮਸਜਿਦ ਵਿੱਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਤਾਲਿਬਾਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੰਧਾਰ ਮਸਜਿਦ ਵਿਚ ਅੱਜ ਹੋਏ ਬੰਬ ਧਮਾਕੇ ‘ਚ 16 ਲੋਕ ਮਾਰੇ ਗਏ ਅਤੇ ਕਰੀਬ 40 ਹੋਰ ਜ਼ਖਮੀ ਹੋ ਗਏ।
ਸਥਾਨਕ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸ਼ੁੱਕਰਵਾਰ ਨੂੰ ਦੱਖਣੀ ਕੰਧਾਰ ਸੂਬੇ ਦੀ ਮਸਜਿਦ ਇਮਾਮ ਬਰਗਾ ਵਿੱਚ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ।ਹਸਪਤਾਲ ਦੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਤਾਲਿਬਾਨੀ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਦੇਸ਼ ਦੇ ਉੱਤਰ ਵਿਚ ਇਸੇ ਤਰ੍ਹਾਂ ਦੇ ਹਮਲੇ ਦੇ ਇਕ ਹਫ਼ਤੇ ਬਾਅਦ ਦੱਖਣੀ ਸੂਬੇ ਕੰਧਾਰ ਦੀ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਸੰਬੰਧੀ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲੇ ਨੂੰ ਕਿਸ ਨੇ ਅੰਜਾਮ ਦਿੱਤਾ। ਹਾਲੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਮਸਜਿਦ ਵਿੱਚ ਸ਼ੀਆ ਘੱਟ ਗਿਣਤੀ ਅਕਸਰ ਆਉਂਦੇ ਹਨ, ਜਿਨ੍ਹਾਂ ਨੂੰ ਇਸਲਾਮਿਕ ਸਟੇਟ ਸਮੂਹ ਦੁਆਰਾ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਿਛਲੇ ਹਫ਼ਤੇ ਆਈਐਸ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਸੂਬੇ ਕੁੰਦੂਜ਼ ਵਿੱਚ ਇੱਕ ਸ਼ੀਆ ਮਸਜਿਦ ਦੇ ਅੰਦਰ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ 46 ਲੋਕ ਮਾਰੇ ਗਏ।