ਅਗਰਬੱਤੀਆਂ ਬਣਾਉਣ ਵਾਲੀ ਕੰਪਨੀ ਵੱਲੋਂ ਗੁਰਬਾਣੀ ਨੂੰ ਵਪਾਰਕ ਹਿੱਤਾਂ ਲਈ ਵਰਤਣ ਦਾ ਮਾਮਲਾ, ਐਡਵੋਕੇਟ ਧਾਮੀ ਨੇ ਪੜਤਾਲ ਦੇ ਦਿੱਤੇ ਆਦੇਸ਼

0
105

ਚੰਡੀਗੜ੍ਹ ਦੀ ਅਗਰਬੱਤੀਆਂ ਬਣਾਉਣ ਵਾਲੀ ‘ਦੇਵ ਦਰਸ਼ਨ’ ਨਾਂ ਦੀ ਇਕ ਕੰਪਨੀ ਵੱਲੋਂ ਜਪੁਜੀ ਸਾਹਿਬ ਦੀ ਪਾਵਨ ਗੁਰਬਾਣੀ ਦਾ ਹਿੰਦੀ ’ਚ ਗੁਟਕਾ ਸਾਹਿਬ ਤਿਆਰ ਕਰਕੇ ਉਸ ’ਤੇ ਆਪਣੀ ਕੰਪਨੀ ਦੀ ਮਸ਼ਹੂਰੀ ਛਾਪਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲਾ ਸਾਹਮਣੇ ਆਉਣ ’ਤੇ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਪੜਤਾਲਾਂ ਵਿਭਾਗ ਨੂੰ ਜਾਂਚ ਲਈ ਟੀਮ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ। ਐਡਵੋਕੇਟ ਧਾਮੀ ਨੇ ਆਖਿਆ ਹੈ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਗੁਰਬਾਣੀ ਨੂੰ ਵਪਾਰਕ ਲਾਭ ਲਈ ਵਰਤੇ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਦੀ ਰਿਪੋਰਟ ਮਿਲਣ ਮਗਰੋਂ ਸਬੰਧਤ ਫਰਮ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਵੱਲੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੜਤਾਲ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਇਹ ਕੰਪਨੀ ਚੰਡੀਗੜ੍ਹ ਨਾਲ ਸਬੰਧਤ ਹੈ, ਜੋ ‘ਦੇਵ ਦਰਸ਼ਨ’ ਨਾਂ ਹੇਠ ਅਗਰਬੱਤੀਆਂ ਬਣਾਉਂਦੀ ਹੈ।

ਇਸ ਕੰਪਨੀ ਵੱਲੋਂ ਜਪੁਜੀ ਸਾਹਿਬ ਦੇ ਹਿੰਦੀ ’ਚ ਗੁਟਕਾ ਸਾਹਿਬ ਤਿਆਰ ਕਰਵਾ ਕੇ ਉਨ੍ਹਾਂ ’ਤੇ ਆਪਣੀ ਮਸ਼ਹੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਇਸ ਕੰਪਨੀ ਵੱਲੋਂ ਅਗਰਬੱਤੀਆਂ ਦੇ ਡੱਬਿਆਂ ਵਿਚ ਗੁਟਕਾ ਸਾਹਿਬ ਪੈਕ ਕਰ ਕੇ ਵੀ ਭੇਜੇ ਜਾ ਰਹੇ ਹਨ। ਇਹ ਬੇਹੱਦ ਸੰਜੀਦਾ ਮਾਮਲਾ ਹੈ, ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਜਿਥੇ ਠੇਸ ਪੁੱਜ ਰਹੀ ਹੈ, ਉਥੇ ਗੁਰਬਾਣੀ ਦਾ ਵੀ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਮਿਲਣ ’ਤੇ ਸ਼੍ਰੋਮਣੀ ਕਮੇਟੀ ਬਣਦੀ ਕਾਰਵਾਈ ਕਰੇਗੀ।

LEAVE A REPLY

Please enter your comment!
Please enter your name here