ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੌ.ਤ
ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਵੱਗ ਰਿਹਾ ਹੈ | ਆਏ ਦਿਨ ਨਸ਼ੇ ਨਾਲ ਕਿੰਨੇ ਹੀ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ | ਅਜਿਹਾ ਹੀ ਇਕ ਹੋਰ ਮਾਮਲਾ ਮਲੋਟ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਸ਼ੇ ਦੀ ਓਵਰਡੋਜ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ | ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਵੱਜੋ ਹੋਈ ਹੈ। ਮ੍ਰਿਤਕ ਦੇ ਵਾਰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਲੜਕੇ ਜਗਮੀਤ ਸਿੰਘ ਦੀ ਚਿੱਟੇ ਦੀ ਓਵਰਡੋਜ ਕਾਰਨ ਮੌਤ ਹੋਈ ਹੈ, ਜਿਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨ ਘਾਟ ਵਿੱਚੋਂ ਪਈ ਮਿਲੀ ਤੇ ਲਾਸ਼ ਦੇ ਨੇੜੇ ਖਾਲੀ ਸਰਿੰਜਾਂ ਪਈਆਂ ਹੋਈਆਂ ਮਿਲੀਆਂ ਹਨ।
ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ
ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਅਤੇ ਚਾਚਾ ਸੇਵ ਸਿੰਘ ਅਤੇ ਭਰਾ ਜਸਮੇਲ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਲੜਕਾ ਜਗਮੀਤ ਸਿੰਘ ਨਸ਼ੇ ਦਾ ਆਦੀ ਸੀ। ਪਿੰਡ ਦੇ ਵਿੱਚ ਪ੍ਰੇਮ ਸਿੰਘ ਅਤੇ ਬੂਟਾ ਰਾਮ ਨਸ਼ੇ ਵੇਚਣ ਦਾ ਕੰਮ ਕਰਦੇ ਹਨ, ਜਿਸਦੇ ਕਾਰਨ ਪਿੰਡ ਦੇ ਦਰਜਨ ਭਰ ਨੌਜਵਾਨ ਚਿੱਟੇ ਦੀ ਲਪੇਟ ਵਿੱਚ ਹਨ। ਇਸੇ ਤਰ੍ਹਾਂ ਉਹਨਾਂ ਦਾ ਲੜਕਾ ਜਗਮੀਤ ਸਿੰਘ ਵੀ ਨਸ਼ੇ ਦਾ ਆਦੀ ਹੋ ਗਿਆ ਤੇ ਅੰਤ ਵੀਰਵਾਰ ਦੀ ਰਾਤ ਉਸਦੀ ਲਾਸ਼ ਸ਼ਮਸ਼ਾਨ ਘਾਟ ਦੇ ਵਿੱਚੋਂ ਪਈ ਮਿਲੀ। ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਚਿੱਟਾ ਵੇਚਣ ਵਾਲੇ ਉਕਤ ਵਿਅਕਤੀਆਂ ਨੂੰ ਰੋਕਣ ਤੇ ਉਹਨਾਂ ਵੱਲੋਂ ਧਮਕਾਇਆ ਜਾਂਦਾ ਹੈ।
ਚਿੱਟੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇ ਸਖਤ ਕਾਰਵਾਈ
ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਚਿੱਟੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਕੇ ਪਿੰਡ ਦੀ ਜਵਾਨੀ ਨੂੰ ਬਚਾਇਆ ਜਾਵੇ। ਥਾਣਾ ਸੁਧਰ ਮਲੋੜ ਪੁਲਿਸ ਨੇ ਉਕਤ ਬਿਆਨਾਂ ਦੇ ਆਧਾਰ ਤੇ ਪ੍ਰੇਮ ਸਿੰਘ ਤੇ ਬੂਟਾ ਰਾਮ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਥਾਣਾ ਸਦਰ ਦੇ ਇੰਚਾਰਜ ਐਸ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਦੋ ਜਣਿਆਂ ਵਿਰੁੱਧ ਧਾਰਾ 304 ਅਤੇ 34 ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।