ਲੌਂਗੋਵਾਲ, 4 ਜੁਲਾਈ 2025 : ਹਲਕਾ ਸੁਨਾਮ ਵਿੱਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਦੀ ਕਵਾਇਦ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਸਬਾ ਲੌਂਗੋਵਾਲ (Longowal) ਵਿਖੇ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਲੋਂਗੋਵਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ (Inauguration of the building) ਕੀਤਾ ।
6.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਇਹ ਇਮਾਰਤ
6.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਇਮਾਰਤ ਰਿਕਾਰਡ 2 ਸਾਲ ਦੇ ਸਮੇਂ ਵਿੱਚ ਤਿਆਰ ਕੀਤੀ ਗਈ ਹੈ । ਦੱਸਣਯੋਗ ਹੈ ਕਿ ਇਹ ਸਕੂਲ ਇਲਾਕੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ । ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਜਦੋਂ ਨੀਅਤ ਅਤੇ ਨੀਤੀ ਸਾਫ਼ ਹੋਵੇ ਉਥੇ ਕੋਈ ਵੀ ਕੰਮ ਨਹੀਂ ਰੁਕਦਾ। ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪਛੜ ਗਿਆ ਸੀ ਪਰ ਜਦੋਂ ਤੋਂ ਆਪ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬ-ਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ।
ਤਿੰਨ ਮੰਜਿਲਾਂ ਇਮਾਰਤ ਦਾ ਕੁੱਲ ਕਵਰਡ ਖੇਤਰ ਹੈ 33590 ਸੁਕੇਅਰ ਫੁੱਟ
ਉਹਨਾਂ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿੰਨ ਮੰਜਿਲਾਂ ਇਮਾਰਤ ਦਾ ਕੁੱਲ ਕਵਰਡ ਖੇਤਰ 33590 ਸੁਕੇਅਰ ਫੁੱਟ (Covered area 33590 square feet) ਹੈ। ਇਸ ਸਕੂਲ ਵਿੱਚ ਨਿੱਜੀ ਸਕੂਲਾਂ ਤੋਂ ਵੀ ਵੱਧ ਆਧੁਨਿਕ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਇਮਾਰਤ ਵਿਚ ਪ੍ਰਿੰਸੀਪਲ ਦੇ ਦਫ਼ਤਰ ਸਮੇਤ 14 ਕਲਾਸ ਰੂਮ, ਰਸੋਈ, ਕਲੈਰੀਕਲ ਸਟਾਫ ਰੂਮ, ਕੰਪਿਊਟਰ ਲੈਬ, ਭੂਗੋਲ ਲੈਬ, 2 ਰੋਬੋਟਿਕ ਲੈਬ, ਆਈ ਟੀ ਲੈਬ, ਸੁੰਦਰਤਾ ਅਤੇ ਤੰਦਰੁਸਤੀ ਲੈਬ, ਅੰਗਰੇਜ਼ੀ ਸੁਣਨ ਲੈਬ, ਸਾਇੰਸ ਲੈਬ, ਮੀਟਿੰਗ ਹਾਲ, ਡਾਈਨਿੰਗ ਰੂਮ, ਸਟੋਰ, ਵਾਸ਼ਰੂਮ ਅਤੇ ਹੋਰ ਸਹੂਲਤਾਂ ਮੌਜੂਦ ਹਨ ।
ਪਹਿਲਾਂ ਇਹ ਸਕੂਲ ਚੱਲਦਾ ਸੀ ਕਸਬੇ ਦੇ ਤੰਗ ਬਾਜ਼ਾਰ ਵਿੱਚ
ਉਹਨਾਂ ਕਿਹਾ ਕਿ ਪਹਿਲਾਂ ਇਹ ਸਕੂਲ ਕਸਬੇ ਦੇ ਤੰਗ ਬਾਜ਼ਾਰ ਵਿੱਚ ਚੱਲਦਾ ਸੀ, ਜਿਸ ਕਾਰਨ ਲੜਕੀਆਂ ਨੂੰ ਸਕੂਲ ਆਉਣ ਜਾਣ ਦੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ। ਇਸ ਸਕੂਲ ਨੂੰ ਬਣਾਉਣ ਦੀ ਮੰਗ 10 ਸਾਲ ਪਹਿਲਾਂ ਰੱਖੀ ਗਈ ਸੀ। ਜਿਸਨੂੰ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ । ਉਹਨਾਂ ਕਿਹਾ ਕਿ ਜਿਹੜੇ ਕੰਮ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ ।
ਲੌਂਗੋਵਾਲ ਸ਼ਹੀਦਾਂ ਦੀ ਧਰਤੀ ਹੈ ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ
ਉਹਨਾਂ ਕਿਹਾ ਕਿ ਲੌਂਗੋਵਾਲ ਸ਼ਹੀਦਾਂ ਦੀ ਧਰਤੀ (Longowal, the land of martyrs) ਹੈ ਜਿਸਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਪਿਤਾ ਬਾਬੂ ਭਗਵਾਨ ਦਾਸ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਰਾਜਨੀਤੀ ਵਿੱਚ ਚੰਮ ਨਹੀਂ, ਕੰਮ ਪਿਆਰਾ ਹੋਣਾ ਚਾਹੀਦਾ ਹੈ । ਹਲਕੇ ਵਿੱਚ ਹਰੇਕ ਜ਼ਰੂਰੀ ਕੰਮ ਨੂੰ ਤਰਜੀਹੀ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ । ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ । ਉਹਨਾਂ ਵਿਦਿਆਰਥਣਾਂ ਨੂੰ ਸੁਨਿਹਰੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਕਾਮਯਾਬ ਹੋਣ ਲਈ ਟੀਚੇ ਨਿਰਧਾਰਤ ਹੋਣੇ ਲਾਜ਼ਮੀ ਹੁੰਦੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਇਸ ਸਕੂਲ ਤੋਂ ਪੜ੍ਹ ਕੇ ਬੱਚੀਆਂ ਵੱਖ ਵੱਖ ਖੇਤਰਾਂ ਵਿੱਚ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ ।
Read More : ਕੇਂਦਰ ਵਿੱਚ ਭਾਜਪਾ ਹੋਵੇ ਜਾਂ ਕਾਂਗਰਸ, ਪੰਜਾਬ ਨਾਲ ਹਮੇਸ਼ਾ ਵਿਸ਼ਵਾਸਘਾਤ ਹੋਇਆ: ਅਮਨ ਅਰੋੜਾ