ਮਾਨਸੂਨ ‘ਚ ਬਦਲਾਅ ਕਾਰਨ ਹੁਣ ਪਹਾੜਾਂ ‘ਤੇ ਅਸਰ ਨਜ਼ਰ ਆ ਰਿਹਾ ਹੈ। ਮਾਨਸੂਨ ਦੇ ਬਦਲਾਅ ਕਾਰਨ ਪਹਾੜਾਂ ‘ਤੇ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਤਰੀ ਭਾਰਤ ਵਿੱਚ ਹਵਾ ਦਾ ਰੁਖ ਬਦਲਣਾ ਸ਼ੁਰੂ ਹੋ ਗਿਆ ਹੈ। ਉੱਤਰ-ਪੱਛਮੀ ਹਵਾਵਾਂ ਕਾਰਨ ਦਿੱਲੀ ਵਿੱਚ ਅਗਲੇ ਹਫ਼ਤੇ ਤੱਕ ਤਾਪਮਾਨ 13 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁੱਝ ਦਿਨਾਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ, ਜਿਸ ਕਾਰਨ ਠੰਡ ਹੋਰ ਵੀ ਵਧੇਗੀ।
ਮੌਸਮ ਵਿਭਾਗ ਅਨੁਸਾਰ ‘ਲਾ ਨੀਨਾ’ ਕਾਰਨ ਦੇਸ਼ ‘ਚ ਹੁਣ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਠੰਡ ਪਵੇਗੀ ਅਤੇ ਉੱਤਰ-ਪੂਰਬੀ ਏਸ਼ੀਆ ਵਿੱਚ ਤਾਪਮਾਨ ਬਹੁਤ ਘੱਟ ਗਿਆ ਹੈ। ਭਾਰਤ ਵਿੱਚ ਜਨਵਰੀ ਅਤੇ ਫਰਵਰੀ ਵਿੱਚ, ਦੇਸ਼ ਦੇ ਕੁਝ ਉੱਤਰੀ ਖੇਤਰਾਂ ਵਿੱਚ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਹੇਠਾਂ ਜਾ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਪ੍ਰਸ਼ਾਂਤ ਖੇਤਰ ਵਿੱਚ ਲਾ ਨੀਨਾ ਉੱਭਰ ਰਿਹਾ ਹੈ। ਲਾ ਨੀਨਾ ਦਾ ਸਿੱਧਾ ਅਸਰ ਤਾਪਮਾਨ ‘ਤੇ ਨਜ਼ਰ ਆ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਕੜਾਕੇ ਦੀ ਠੰਡ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਬਰਫਬਾਰੀ ਕਾਰਨ ਸਰਦੀ ਵਧ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਮਨਾਲੀ ਦੀਆਂ ਉੱਚੀਆਂ ਚੋਟੀਆਂ ਸਮੇਤ ਲਾਹੌਲ, ਦੱਖਣੀ ਅਤੇ ਉੱਤਰੀ ਕਸ਼ਮੀਰ ਵਿੱਚ ਕਈ ਥਾਵਾਂ ’ਤੇ ਦਰਮਿਆਨੀ ਬਰਫ਼ਬਾਰੀ ਹੋਈ ਹੈ।
ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਉੱਤਰੀ ਭਾਰਤ ‘ਚ ਤਾਪਮਾਨ ਤੇਜ਼ੀ ਨਾਲ ਘਟ ਸਕਦਾ ਹੈ। ਇਸ ਕਾਰਨ ਦਿੱਲੀ, ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ ‘ਚ ਠੰਢ ਹੋਰ ਤੇਜ਼ ਹੋ ਜਾਵੇਗੀ।









