ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਸੇਵਾ ਕਰ ਰਹੇ ਹਾਂ-ਮੁੱਖ ਮੰਤਰੀ

0
147
Bhagwant Singh Mann
ਢਢੋਗਲ (ਸੰਗਰੂਰ), 11 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਖਾਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਦੱਬੇ-ਕੁਚਲੇ ਵਰਗਾਂ ਲਈ ਕਲਿਆਣਕਾਰੀ ਕਾਰਜਾਂ ਨੂੰ ਯਕੀਨੀ ਬਣਾ ਰਹੀ ਹੈ । ਅੱਜ ਇੱਥੇ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਸਮਾਗਮ ਦੌਰਾਨ ਇਕੱਠ ਨੂੰ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ-ਮਹਾਪੁਰਸ਼ਾਂ, ਪੀਰਾਂ ਅਤੇ ਸ਼ਹੀਦਾਂ ਦੀ ਛੋਹ ਪ੍ਰਾਪਤ ਹੈ ।

ਪੰਜਾਬੀਆਂ ਵਿੱਚ ਸਖਤ ਮਿਹਨਤ ਕਰਨ ਦਾ ਅਮਿੱਟ ਜਜ਼ਬਾ ਹੈ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਵਿੱਚ ਸਖਤ ਮਿਹਨਤ ਕਰਨ ਦਾ ਅਮਿੱਟ ਜਜ਼ਬਾ ਹੈ ਜਿਸ ਕਰਕੇ ਉਨ੍ਹਾਂ ਨੇ ਹਰੇਕ ਖੇਤਰ ਵਿੱਚ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਏਨੀਆਂ ਮਜ਼ਬੂਤ ਹਨ ਕਿ ਇੱਥੋਂ ਦੀ ਜਰਖੇਜ਼ ਜ਼ਮੀਨ ’ਤੇ ਕੁਝ ਵੀ ਪੈਦਾ ਕੀਤਾ ਜਾ ਸਕਦਾ ਹੈ ਪਰ ਕਦੇ ਨਫ਼ਰਤ ਦਾ ਬੀਜ ਨਹੀਂ ਪੁੰਗਰ ਸਕਦਾ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ (Saints and prophets) ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਰਸਤਾ ਦਿਖਾਇਆ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਪਿਆਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਕੇ ਜ਼ੁਲਮ, ਬੇਇਨਸਾਫ਼ੀ ਅਤੇ ਜ਼ੁਲਮ ਦਾ ਵਿਰੋਧ ਕੀਤਾ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਡੇ ਯਤਨ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਨਾਗਰਿਕ ਨੂੰ ਆਜ਼ਾਦੀ ਦਾ ਲਾਭ ਮਿਲ ਸਕੇ ।

ਸ਼ਹੀਦਾਂ ਦੇ ਸੁਪਨੇ ਅਜੇ ਵੀ ਸਾਕਾਰ ਨਹੀਂ ਹੋਏ ਹਨ

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਜ਼ਾਦੀ ਦੇ 75 ਸਾਲਾਂ (75 years of independence) ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਆਜ਼ਾਦੀ ਦਾ ਫਾਇਦਾ ਹਰ ਘਰ ਤੱਕ ਨਹੀਂ ਪਹੁੰਚਿਆ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਨੇ ਚਿੱਟੇ ਵਰਗੇ ਨਸ਼ੇ ਫੈਲਾਉਣ, ਲੋਕਾਂ ਨੂੰ ਲੁੱਟ ਕੇ ਦੌਲਤ ਇਕੱਠੀ ਕਰਨ, ਭ੍ਰਿਸ਼ਟਾਚਾਰੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਵਰਗੀਆਂ ਅਲਾਮਤਾਂ ਲਈ ਆਜ਼ਾਦੀ ਦੀ ਦੁਰਵਰਤੋਂ ਕੀਤੀ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਅਜੇ ਵੀ ਸਾਕਾਰ ਨਹੀਂ ਹੋਏ ਹਨ ਕਿਉਂਕਿ ਇਨ੍ਹਾਂ ਲੋਕਾਂ ਨੇ ਇਸ ਲਈ ਕਦੇ ਵੀ ਕੋਈ ਠੋਸ ਯਤਨ ਨਹੀਂ ਕੀਤੇ ।

ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੂਬੇ ਦੇ ਨੌਜਵਾਨਾਂ ਨੂੰ ਉਸ ਦੇਸ਼ ਵਿੱਚ ਜਾ ਕੇ ਕੰਮ ਕਰਨਾ ਪਿਆ, ਜਿਸ ਦੇ ਸ਼ਾਸਕਾਂ ਨੂੰ ਸਾਡੇ ਸ਼ਹੀਦਾਂ ਅਤੇ ਦੇਸ਼ ਭਗਤਾਂ ਨੇ ਦੇਸ਼ ‘ਚੋਂ ਭਜਾ ਦਿੱਤਾ ਸੀ । ਪਿਛਲੀਆਂ ਸਰਕਾਰਾਂ ਦੇ ਆਗੂਆਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਅਤੇ ਆਪਣੇ ਲਈ ਵੱਡੇ-ਵੱਡੇ ਮਹਿਲਨੁਮਾ ਘਰ ਬਣਾਏ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਮਹਿਲਾਂ ਦੀਆਂ ਉੱਚੀਆਂ ਕੰਧਾਂ ਅਤੇ ਵੱਡੇ ਦਰਵਾਜ਼ੇ ਆਮ ਤੌਰ ‘ਤੇ ਲੋਕਾਂ ਲਈ ਬੰਦ ਹੀ ਰਹਿੰਦੇ ਸਨ ਅਤੇ ਜਿਸ ਤਰ੍ਹਾਂ ਇਹ ਆਗੂ ਲੋਕਾਂ ਦੀ ਪਹੁੰਚ ਤੋਂ ਬਾਹਰ ਰਹਿੰਦੇ ਸਨ, ਪੰਜਾਬ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ।

ਇਨ੍ਹਾਂ ਆਗੂਆਂ ਨੇ ਕਦੇ ਵੀ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਅਫ਼ਸੋਸਜਨਕ ਹੈ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਉਦਾਸੀਨ ਰਵੱਈਏ ਕਾਰਨ ਸੂਬੇ ਦੇ ਵਿਕਾਸ ਦੀ ਗਤੀ ਵੀ ਪੱਛੜ ਕੇ ਰਹਿ ਗਈ । ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਆਪਣੇ ਰਸੂਖ਼ ਅਤੇ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਵੱਲ ਧੱਕ ਦਿੱਤਾ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਕਦੇ ਵੀ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਸਗੋਂ ਉਨ੍ਹਾਂ ਦਾ ਧਿਆਨ ਸਿਰਫ਼ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਕਰਨ ਵੱਲ ਰਿਹਾ ।

ਗੁਰੂ ਸਾਹਿਬ ਜੀ ਦੇ ਚਰਨ ਛੋਹ ਪਿੰਡਾਂ ਅਤੇ ਨਗਰਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਇਆ

ਜਾਵੇਗਾ

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਹਿੰਦ ਦੀ ਚਾਦਰ’ (ਮਨੁੱਖਤਾ ਦੇ ਰਾਖੇ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਇਤਿਹਾਸਕ ਸਮਾਗਮ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਚਰਨ ਛੋਹ ਪਿੰਡਾਂ ਅਤੇ ਨਗਰਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਵਿਸਥਾਰਤ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਰੂ ਸਾਹਿਬ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ ।

ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦੇਣ ਵਾਲੇ ਜਰਨੈਲਾਂ ਨੂੰ ਪਹਿਲਾਂ ਹੀ ਸਲਾਖਾਂ ਪਿੱਛੇ ਡੱਕ ਦਿੱਤਾ

ਗਿਆ ਹੈ

ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਨਸ਼ਿਆਂ ਦੀ ਲਾਹਨਤ ਰਾਹੀਂ ਨੌਜਵਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ‘ਜਰਨੈਲਾਂ’ ਪ੍ਰਤੀ ਕੋਈ ਨਰਮੀ ਨਹੀਂ ਵਰਤੇਗੀ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦੇਣ ਵਾਲੇ ਜਰਨੈਲਾਂ ਨੂੰ ਪਹਿਲਾਂ ਹੀ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਵੀ ਸੁਣਨ ‘ਚ ਆਇਆ ਹੈ ਕਿ ਇਨ੍ਹਾਂ ਆਗੂਆਂ ਨੇ ਨਾ ਸਿਰਫ਼ ਸੂਬੇ ਭਰ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ ਸਗੋਂ ਉਹ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਵੀ ਨਸ਼ੇ ਵੇਚਦੇ/ਸਪਲਾਈ ਕਰਦੇ ਸਨ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਕਿਸੇ ਨੇ ਵੀ ਇਨ੍ਹਾਂ ਰਸੂਖ਼ਵਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਕੀਤੀ,ਪਰ ਉਨ੍ਹਾਂ ਦੀ ਸਰਕਾਰ ਨੇ ਅਜਿਹਾ ਕਰ ਕੇ ਦਿਖਾਇਆ ਹੈ ਅਤੇ ਅਜਿਹੇ ਆਗੂਆਂ ਨੂੰ ਹਰ ਹੀਲੇ ਆਪਣੇ ਪਾਪਾਂ ਦੀ ਕੀਮਤ ਚੁਕਾਉਣੀ ਪਵੇਗੀ ।

ਪੰਜਾਬ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਚਾਉਣ ਲਈ ਵਚਨਬੱਧ ਹੈ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ ਤਾਂ ਸੂਬੇ ਭਰ ਵਿੱਚ ਸਿਰਫ਼ 21 ਫੀਸਦ ਖੇਤੀਬਾੜੀ ਜ਼ਮੀਨ ਨੂੰ ਸਿੰਜਾਈ ਲਈ ਨਹਿਰੀ ਪਾਣੀ ਮਿਲ ਰਿਹਾ ਸੀ, ਪਰ ਅੱਜ ਇਹ ਅੰਕੜਾ 63 ਫੀਸਦ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਸਿਰਤੋੜ ਯਤਨਾਂ ਸਦਕਾ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਹਿਰੀ ਅਤੇ ਦਰਿਆਈ ਪਾਣੀ ਸੂਬੇ ਦੀਆਂ ਟੇਲਾਂ ‘ਤੇ ਵਸਦੇ ਪਿੰਡਾਂ ਤੱਕ ਪਹੁੰਚਿਆ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਚਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

LEAVE A REPLY

Please enter your comment!
Please enter your name here