ਜੰਗ ਮਨੁੱਖਤਾ ਲਈ ਹਮੇਸ਼ਾ ਹੀ ਖਤਰਨਾਕ- ਜਥੇਦਾਰ ਕੁਲਦੀਪ ਸਿੰਘ ਗੜਗੱਜ

0
61

ਸ੍ਰੀ ਅੰਮ੍ਰਿਤਸਰ, 7 ਮਈ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖ਼ੀ ਅਤੇ ਇੱਕ ਦੂਜੇ ਉੱਤੇ ਕੀਤੇ ਗਏ ਹਮਲਿਆਂ ਦੌਰਾਨ ਕਸ਼ਮੀਰ ਦੇ ਪੂੰਛ ਖੇਤਰ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਅਤੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ ਕਾਰਵਾਈ ਦੀ ਕਰੜੀ ਨਿੰਦਾ ਕੀਤੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਜਵਾਬੀ ਹਮਲੇ ਵਿੱਚ ਪਾਕਿਸਤਾਨ ਵੱਲੋਂ ਪੂੰਛ ਵਿਖੇ ਕੀਤੀ ਗਈ ਗੋਲਾਬਾਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ਉੱਤੇ ਹਮਲਾ ਕੀਤਾ ਗਿਆ ਹੈ, ਇਸ ਦੌਰਾਨ ਤਿੰਨ ਗੁਰਸਿੱਖ ਭਾਈ ਅਮਰੀਕ ਸਿੰਘ ਰਾਗੀ, ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਹਨ। ਇਸ ਤੋਂ ਇਲਾਵਾ ਮਾਨਕੋਟ ਖੇਤਰ ਵਿੱਚ ਇੱਕ ਸਿੱਖ ਬੀਬੀ ਰੂਬੀ ਕੌਰ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਪੂੰਛ ਵਿਖੇ ਹੋਰ ਲੋਕਾਂ ਦੇ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਜਥੇਦਾਰ ਗੜਗੱਜ ਨੇ ਪੂੰਛ ਵਿਖੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਵੀ ਕੀਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੰਗ ਹਮੇਸ਼ਾ ਹੀ ਮਨੁੱਖਤਾ ਦਾ ਵੱਡਾ ਘਾਣ ਕਰਦੀ ਹੈ ਜਿਸ ਵਿੱਚ ਬੇਗੁਨਾਹ ਲੋਕ ਵੀ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਇਸ ਲਈ ਮੌਜੂਦਾ ਸਥਿਤੀ ਨੂੰ ਸ਼ਾਂਤੀਪੂਰਵਕ ਕਰਨ ਲਈ ਵੱਧ ਤੋਂ ਵੱਧ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੇ 1947 ਤੋਂ ਲੈ ਕੇ ਹੁਣ ਤੱਕ ਆਪਸੀ ਕੁੜੱਤਣ ਕਾਰਨ ਵੱਡੇ ਨੁਕਸਾਨ ਝੱਲੇ ਹਨ, ਜਿਸ ਵਿੱਚ ਖ਼ਾਸਕਰ ਪੰਜਾਬ ਤੇ ਜੰਮੂ ਕਸ਼ਮੀਰ ਦੇ ਹਿੰਦੂ ਤੇ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਬਾਰਡਰ ਉੱਤੇ ਵੱਸਦੇ ਲੋਕ ਇਸ ਤਣਾਅ ਵਾਲੀ ਸਥਿਤੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਅਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੌਂਸਲਾ ਬਣਾਈ ਰੱਖਣ ਅਤੇ ਸ਼ਾਂਤੀ ਬਹਾਲੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਸ ਖੇਤਰ ਅੰਦਰ ਹਮੇਸ਼ਾ ਅਮਨ ਸ਼ਾਂਤੀ ਕਾਇਮ ਰਹੇ।

LEAVE A REPLY

Please enter your comment!
Please enter your name here