ਇਸ ਸਮੇਂ ਉੱਤਰਾਖੰਡ ਵਿੱਚ ਕੁਦਰਤ ਦਾ ਕਹਿਰ ਵਰਸ ਰਿਹਾ ਹੈ। ਇੱਥੇ ਭਾਰੀ ਮੀਂਹ ਕਾਰਨ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਲਗਾਤਾਰ ਮੀਂਹ ਨੇ ਕਈ ਰਾਜਾਂ ਵਿੱਚ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਉਤਰਾਖੰਡ ਤੋਂ ਡਰਾਉਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਖਬਰਾਂ ਅਨੁਸਾਰ ਕੇਦਾਰਨਾਥ ਤੋਂ ਵਾਪਸੀ ਦੌਰਾਨ ਭਾਰੀ ਮੀਂਹ ਕਾਰਨ ਲਗਭਗ 22 ਲੋਕ ਫਸ ਗਏ, ਜਿਨ੍ਹਾਂ ਨੂੰ ਐਸਡੀਆਰਐਫ ਅਤੇ ਪੁਲਿਸ ਨੇ ਬਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਗੌਰੀਕੁੰਡ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਇੱਕ 55 ਸਾਲਾ ਸ਼ਰਧਾਲੂ ਜਿਸ ਨੂੰ ਚੱਲਣ ਵਿੱਚ ਮੁਸ਼ਕਲ ਆ ਰਹੀ ਸੀ, ਨੂੰ ਸਟਰੈਚਰ ਰਾਹੀਂ ਤਬਦੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉੱਤਰਾਖੰਡ ਵਿੱਚ ਮੀਂਹ ਦੀ ਭਾਰੀ ਤਬਾਹੀ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਾਰਿਸ਼ ਦਾ ਕਹਿਰ ਨਾ ਸਿਰਫ ਕੇਦਾਰਨਾਥ ਵਿੱਚ ਵੇਖਿਆ ਗਿਆ ਬਲਕਿ ਇਸਦਾ ਪ੍ਰਭਾਵ ਬਦਰੀਨਾਥ ਵਿੱਚ ਵੀ ਵੇਖਿਆ ਗਿਆ। ਬਦਰੀਨਾਥ ਦੇ ਰਾਸ਼ਟਰੀ ਰਾਜਮਾਰਗ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ ਜਿੱਥੇ ਭਾਰੀ ਬਾਰਸ਼ ਦੇ ਬਾਅਦ ਇੱਕ ਕਾਰ ਲੰਬੀਗੜ ਦੇ ਨਾਲੇ ਵਿੱਚ ਬੁਰੀ ਤਰ੍ਹਾਂ ਫਸ ਗਈ। ਇਸ ਦੇ ਨਾਲ ਹੀ ਕਾਰ ਵਿੱਚ ਸਵਾਰ ਲੋਕਾਂ ਨੂੰ ਬੀਆਰਓ ਨੇ ਬਚਾਇਆ। ਉਤਰਾਖੰਡ ਵਿੱਚ ਕੁਦਰਤ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਚਾਰਧਾਮ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਹਾੜ ਦੇ ਫੱਟਣ ਕਾਰਨ ਬਦਰੀਨਾਥ ਸੜਕ ਵੀ ਛੇ ਥਾਵਾਂ ਤੋਂ ਬੰਦਿਤ ਹੈ।ਇੰਨਾ ਹੀ ਨਹੀਂ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਉਤਰਾਖੰਡ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ।
ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਰਧਾਲੂਆਂ ਨੂੰ ਚਾਰਧਾਮ ਯਾਤਰਾ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, ‘ਆਈਐਮਡੀ ਨੇ 18 ਅਤੇ 19 ਅਕਤੂਬਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਾਰੇ ਜ਼ਿਲ੍ਹਿਆਂ ਦੇ ਮੁੱਖ ਸਕੱਤਰ ਅਤੇ ਡੀਐਮ-ਐਸਐਸਪੀ ਨਾਲ ਗੱਲ ਕੀਤੀ ਹੈ। ਇਸ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਕੀਤੇ ਗਏ ਹਨ।