ਸੰਗਰੂਰ, 31 ਅਕਤੂਬਰ 2025 : ਭਾਰਤ ਸਰਕਾਰ ਦੇ ਮੇਰਾ ਯੁਵਾ ਭਾਰਤ ਪ੍ਰੋਗਰਾਮ (MY Bharat) ਤਹਿਤ ਅੱਜ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡੀ. ਆਈ. ਈ. ਟੀ.) ਸੰਗਰੂਰ ਵਿਖੇ ਏਕਤਾ ਮਾਰਚ (Unity March) ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਰਾਸ਼ਟਰੀ ਏਕਤਾ ਤੇ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਫੈਲਾਉਣਾ ਸੀ ।
ਰਾਸ਼ਟਰੀ ਏਕਤਾ ਤੇ ਸਮਾਜਿਕ ਜਾਗਰੂਕਤਾ ਦਾ ਦਿੱਤਾ ਸੰਦੇਸ਼
ਪ੍ਰੋਗਰਾਮ ਵਿਚ ਲਵਪ੍ਰੀਤ ਸਿੰਘ ਔਲਖ, ਸਹਾਇਕ ਕਮਿਸ਼ਨਰ, ਸੰਗਰੂਰ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਵਰਿੰਦਰ ਕੌਰ, ਪ੍ਰਿੰਸਿਪਲ (ਡੀ. ਆਈ. ਈ. ਟੀ.) ਨੇ ਵੀ ਪ੍ਰੋਗਰਾਮ ਵਿਚ ਹਾਜ਼ਰੀ ਭਰੀ । ਆਪਣੇ ਸੰਬੋਧਨ ਦੌਰਾਨ, ਸਹਾਇਕ ਕਮਿਸ਼ਨਰ ਨੇ ਨੌਜਵਾਨਾਂ ਨੂੰ ਰਾਸ਼ਟਰ-ਨਿਰਮਾਣ ਅਤੇ ਏਕਤਾ ਬਰਕਰਾਰ ਰੱਖਣ ਲਈ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਅਤੇ ਕਿਸੇ ਵੀ ਖੇਤਰ ਵਿੱਚ ਸਫਲ ਹੋਣ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਦੀ ਵੀ ਪ੍ਰੇਰਨਾ ਦਿੱਤੀ ।
ਨੁੱਕੜ ਨਾਟਕ ਪੇਸ਼ ਕਰਕੇ ਦਿੱਤਾ ਗਿਆ ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼
ਪ੍ਰੋਗਰਾਮ ਵਿੱਚ ਨੁੱਕੜ ਨਾਟਕ (Street play) ਪੇਸ਼ ਕੀਤਾ ਗਿਆ, ਜਿਸ ਵਿੱਚ ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ ਗਿਆ । ਜ਼ਿਲ੍ਹਾ ਯੂਥ ਅਫਸਰ ਰਾਹੁਲ ਸੈਣੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਮਾਜ ਸੇਵਾ ਅਤੇ ਜਾਗਰੂਕਤਾ ਕਾਰਜਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ । ਸਹਾਇਕ ਕਮਿਸ਼ਨਰ (Assistant Commissioner) ਵੱਲੋਂ ਡੀ. ਆਈ. ਈ.ਟੀ. ਸੰਗਰੂਰ ਤੋਂ ਏਕਤਾ ਮਾਰਚ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ ਗਿਆ ।
ਇਹ ਮਾਰਚ ਡੀ. ਐੱਫ. ਓ. ਦਫ਼ਤਰ, ਡਾ. ਬੀ. ਆਰ. ਅੰਮਬੇਡਕਰ ਚੌਕ, ਰਣਬੀਰ ਕਾਲਜ, ਪਟਿਆਲਾ ਗੇਟ ਰਾਹੀਂ ਵਾਪਸ ਡੀ. ਆਈ. ਈ. ਟੀ. ਸੰਗਰੂਰ ਪੁੱਜਿਆ । ਮਾਰਚ ਦੌਰਾਨ ਨੌਜਵਾਨਾਂ ਨੇ ਸ਼ਹਿਰ ਵਾਸੀਆਂ ਨੂੰ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਹ ਪ੍ਰੋਗਰਾਮ ਨੌਜਵਾਨ ਸ਼ਕਤੀ, ਸਮਾਜਿਕ ਏਕਤਾ ਅਤੇ ਰਾਸ਼ਟਰੀ ਇੱਕਜੁੱਟਤਾ ਦਾ ਮਜ਼ਬੂਤ ਸੰਦੇਸ਼ ਦੇ ਕੇ ਸਮਾਪਤ ਹੋਇਆ । ਸ਼ਹਿਰ ਵਾਸੀਆਂ ਵੱਲੋਂ ਇਸ ਪਹਿਲ ਨੂੰ ਬਹੁਤ ਸਰਾਹਿਆ ਗਿਆ ।
Read More : ਭਾਰਤ ਸਰਕਾਰ ਵਲੋ ਨਸਿ਼ਆਂ ਵਿਰੁੱਧ ਜਾਗੂਰਕ ਕਰਨਾ ਸ਼ਲਾਘਾਯੋਗ ਕਦਮ









