ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ 12ਵਾਂ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਵੀ ਪੀਐਮ ਮੋਦੀ ਨੂੰ ਇਸ ਸਮੱਸਿਆ ਸੰਬੰਧੀ ਗੱਲ ਕਰਨ ਦੀ ਅਪੀਲ ਕੀਤੀ ਸੀ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਦੇ ਵਿਚਕਾਰ ਅੱਜ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਲੰਬੀ ਗੱਲਬਾਤ ਕੀਤੀ। ਉਨ੍ਹਾਂ ਨੇ ਕਰੀਬ 11:30 ਵਜੇ ਜ਼ੇਲੇਂਸਕੀ ਨਾਲ 35 ਮਿੰਟ ਤੱਕ ਗੱਲਬਾਤ ਕੀਤੀ। ਇਸ ਦੇ ਨਾਲ ਹੀ ਕੁੱਝ ਦੇਰ ਬਾਅਦ ਉਹ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫੋਨ ‘ਤੇ ਗੱਲ ਕਰਨਗੇ। ਪੀਐਮ ਮੋਦੀ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਵਿੱਚ ਪੈਦਾ ਹੋਏ ਯੁੱਧ ਦੀ ਸਥਿਤੀ ਬਾਰੇ ਚਰਚਾ ਕੀਤੀ ਅਤੇ ਇਸਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕੀਤਾ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਸਿੱਧੀ ਗੱਲਬਾਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੁਮੀ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਯੂਕਰੇਨ ਸਰਕਾਰ ਦਾ ਸਹਿਯੋਗ ਮੰਗਿਆ ਹੈ।
24 ਫਰਵਰੀ ਨੂੰ ਰੂਸ ਨੇ ਯੂਕਰੇਨ ਦੇ ਸ਼ਹਿਰਾਂ ‘ਤੇ ਹਮਲਾ ਸ਼ੁਰੂ ਕੀਤਾ ਜੋ ਕਿ ਹੁਣ ਤੱਕ ਜਾਰੀ ਹੈ। ਰੂਸ ਹੁਣ ਤਕ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਚੁੱਕਾ ਹੈ। ਰੂਸ ਦੇ ਇਸ ਯੁੱਧ ਕਾਰਨ ਲੱਖਾਂ ਯੂਕਰੇਨੀਆਂ ਨੇ ਦੂਜੇ ਦੇਸ਼ਾਂ ਵਿਚ ਸ਼ਰਨ ਲਈ ਹੈ।
ਰੂਸ ਦੇ ਹਮਲੇ ਦੇ ਐਲਾਨ ਤੋਂ ਬਾਅਦ ਯੂਕਰੇਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੂਰੇ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਯੂਕਰੇਨ ਦੇ ਰਾਜਦੂਤ ਨੇ ਕਿਹਾ ਸੀ ਕਿ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਤਣਾਅ ‘ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਪੀਐਮ ਮੋਦੀ ਨੂੰ ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤੁਰੰਤ ਗੱਲ ਕਰਨ ਦੀ ਅਪੀਲ ਕੀਤੀ। ਰਾਜਦੂਤ ਨੇ ਕਿਹਾ ਸੀ ਕਿ ਮੋਦੀ ਜੀ ਇਸ ਸਮੇਂ ਬਹੁਤ ਵੱਡੇ ਨੇਤਾ ਹਨ, ਅਸੀਂ ਉਨ੍ਹਾਂ ਨੂੰ ਮਦਦ ਦੀ ਅਪੀਲ ਕਰਦੇ ਹਾਂ, ਸਿਰਫ ਭਾਰਤ ਹੀ ਦੁਨੀਆ ਦੇ ਤਣਾਅ ਨੂੰ ਘੱਟ ਕਰ ਸਕਦਾ ਹੈ।