ਦੁਬਈ : ਸੰਯੁਕਤ ਅਰਬ ਅਮੀਰਾਤ (UAE) ਨੇ ਐਤਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਵਾਲੀਆਂ ਯਾਤਰੀਆਂ ਉਡਾਣਾਂ ‘ਤੇ 30 ਜੂਨ ਤੱਕ ਰੋਕ ਵਧਾ ਦਿੱਤੀ ਹੈ। ਭਾਰਤ ‘ਚ ਕੋਵਿਡ – 19 ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ 25 ਅਪ੍ਰੈਲ ਨੂੰ ਉਡਾਣਾਂ ‘ਤੇ ਰੋਕ ਲਗਾਈ ਗਈ ਸੀ। ਯੂਏਈ ਦੀ ਏਅਰਲਾਇੰਸ ਪ੍ਰਦਾਤਾ ਅਮੀਰਾਤ ਨੇ ਐਤਵਾਰ ਨੂੰ ਆਪਣੀ ਵੈੱਬਸਾਈਟ ‘ਤੇ ਜਾਰੀ ਸੰਦੇਸ਼ ਵਿੱਚ ਕਿਹਾ ਕਿ ਉਸ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਜਾਰੀ ਰੋਕ ਨੂੰ 30 ਜੂਨ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ 14 ਜੂਨ ਤੱਕ ਯਾਤਰੀ ਉਡਾਣਾਂ ‘ਤੇ ਰੋਕ ਦੀ ਘੋਸ਼ਣਾ ਕੀਤੀ ਗਈ ਸੀ। ਉੱਥੇ ਹੀ ਭਾਰਤ ਦੇ ਡੀਜੀਸੀਏ ਨੇ ਵੀ ਪਿਛਲੇ ਦਿਨਾਂ ਜਾਣਕਾਰੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ ‘ਤੇ ਲਗਾਈ ਗਈ ਰੋਕ ਨੂੰ 30 ਜੂਨ ਤੱਕ ਲਈ ਵਧਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਸੀ ਕਿ ਫਿਲਹਾਲ ਸਮਰੱਥ ਅਧਿਕਾਰੀ ਹਰ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੁਣੇ ਰੂਟਾਂ ‘ਤੇ ਅੰਤਰ ਰਾਸ਼ਟਰੀ ਉਡਾਣਾਂ ਦੀ ਆਗਿਆ ਦੇ ਸਕਦੇ ਹਨ।” ਦੱਸ ਦਈਏ ਕਿ ਭਾਰਤ ‘ਚ ਕੋਵਿਡ-19 ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ 23 ਮਾਰਚ 2020 ਤੋਂ ਰੱਦ ਕਰ ਦਿੱਤੀਆਂ ਗਈਆਂ ਸਨ, ਪਰ ਮਈ 2020 ਤੋਂ ਵੰਦੇ ਭਾਰਤ ਅਭਿਆਨ ਅਤੇ ਜੁਲਾਈ 2020 ਤੋਂ ਚੁਣੇ ਹੋਏ ਦੇਸ਼ਾਂ ਵਿਚਾਲੇ ਦੁਵੱਲੇ ਏਅਰ ਬਬਲ ਪ੍ਰਬੰਧ ਅਧੀਨ ਵਿਸ਼ੇਸ਼ ਅੰਤਰਰਾਸ਼ਟਰੀ ਜਹਾਜ਼ ਉਡਾਣ ਭਰ ਰਹੇ ਹਨ।