ਲੱਕੀ ਪਟਿਆਲ-ਦਵਿੰਦਰ ਬੰਬੀਹਾ ਗੈਂਗ ਦੇ ਦੋ ਸ਼ੂਟਰ ਮੁੰਬਈ ਤੋਂ ਗ੍ਰਿਫ਼ਤਾਰ

0
3
D. G. P. Gaurav Yadav

ਚੰਡੀਗੜ੍ਹ/ਐਸ. ਬੀ. ਐਸ. ਨਗਰ, 24 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਐਸ. ਬੀ. ਐਸ. ਨਗਰ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਲੱਕੀ ਪਟਿਆਲ-ਦਵਿੰਦਰ ਬੰਬੀਹਾ ਗੈਂਗ ਦੇ ਦੋ ਸ਼ੂਟਰਾਂ, ਜੋ ਪਿਛਲੇ ਮਹੀਨੇ ਐਸ. ਬੀ. ਐਸ. ਨਗਰ ਦੇ ਪੋਜੇਵਾਲ ਵਿਖੇ ਹੋਏ ਕਤਲ ਕਾਂਡ ਵਿੱਚ ਸ਼ਾਮਲ ਸਨ, ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਅਮਰੀਕਾ-ਅਧਾਰਤ ਜਸਕਰਨ ਕੰਨੂ ਦੀ ਮਿਲੀਭੁਗਤ ਨਾਲ ਹਾਲ ਹੀ ਵਿੱਚ ਪੋਜੇਵਾਲ ਵਿਖੇ ਇੱਕ ਵਿਅਕਤੀ ਦੀ ਕੀਤੀ ਸੀ ਹੱਤਿਆ : ਡੀ. ਜੀ. ਪੀ. ਗੌਰਵ ਯਾਦਵ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨ ਗੈਂਗਰ (25), ਜੋ ਕਿ ਹੁਸ਼ਿਆਰਪੁਰ ਦੇ ਪਿੰਡ ਰੋੜ ਮਜਾਰਾ ਦਾ ਵਸਨੀਕ ਹੈ ਅਤੇ ਜਸਕਰਨਦੀਪ ਸਿੰਘ ਉਰਫ਼ ਕੱਲੂ (23), ਜੋ ਕਿ ਗੜ੍ਹਸ਼ੰਕਰ ਦੇ ਪਿੰਡ ਰਾਮਗੜ੍ਹ ਝੁੰਗੀਆਂ ਦਾ ਵਾਸੀਕ ਹੈ, ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ, 2 ਜੁਲਾਈ, 2025 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਹਰਦੀਪ ਸਿੰਘ ਉਰਫ਼ ਦੀਪਾ ਕੁਲਪੁਰੀਆ ਦੀ ਐਸਬੀਐਸ ਨਗਰ ਦੇ ਪੋਜੇਵਾਲ ਵਿਖੇ ਉਸਦੇ ਪਿੰਡ ਕੁਲਪੁਰ ਵਿੱਚ, ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ।

ਪੰਜਾਬ ਪੁਲਿਸ ਵੱਲੋਂ ਕੀਤੀਆਂ ਇਨ੍ਹਾਂ ਗ੍ਰਿਫ਼ਤਾਰੀਆਂ ਸਦਕਾ ਕਈ ਸੰਭਾਵੀ ਅਪਰਾਧਿਕ ਵਾਰਦਾਤਾਂ ਟਲ਼ੀਆਂ

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਰਨ ਰੋੜਮਜਾਰਾ ਅਤੇ ਜਸਕਰਨਦੀਪ ਕਾਲੂ ਨੇ, ਅਮਰੀਕਾ ਸਥਿਤ ਜਸਕਰਨ ਸਿੰਘ ਉਰਫ਼ ਕੰਨੂ ਨਾਲ ਮਿਲ ਕੇ ਹਾਲ ਹੀ ਵਿੱਚ ਆਪਣੀ ਨਿੱਜੀ ਰੰਜਿਸ਼ ਦੇ ਚਲਦਿਆਂ ਐਸ.ਬੀ.ਐਸ. ਨਗਰ ਦੇ ਪੋਜੇਵਾਲ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਤੇ ਜਸਕਰਨ ਕੰਨੂ ਦਵਿੰਦਰ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਦੇ ਸਾਥੀ ਹਨ । ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ।

ਮਾਮਲੇ ਦੀ ਜਾਂਚ ਲਈ ਐਸ. ਪੀ. ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕੀਤਾ ਗਿਆ ਸੀ

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ਼ ਪੁਲਸ (Senior Superintendent of Police) (ਐਸ. ਐਸ. ਪੀ.) ਐਸ. ਬੀ. ਐਸ. ਨਗਰ ਮਹਿਤਾਬ ਸਿੰਘ ਨੇ ਕਿਹਾ ਕਿ ਕਤਲ ਤੋਂ ਬਾਅਦ, ਪੂਰੇ ਮਾਮਲੇ ਦੀ ਜਾਂਚ ਲਈ ਐਸ. ਪੀ. ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਸੀ. ਆਈ. ਜਲੰਧਰ ਅਤੇ ਐਸ. ਬੀ. ਐਸ. ਨਗਰ ਪੁਲਿਸ ਦੀਆਂ ਪੁਲਸ ਟੀਮਾਂ, ਨੇ ਆਧੁਨਿਕ ਤਕਨੀਕੀ ਜਾਂਚ ਰਾਹੀਂ ਦੋਵਾਂ ਮੁਲਜ਼ਮਾਂ ਦੇ ਮੁੰਬਈ ਵਾਲੇ ਟਿਕਾਣੇ ’ਤੇ ਪੂਰੀ ਬਾਜ਼ ਅੱਖ ਰੱਖੀ । ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ (A. I. G. Counter Intelligence Jalandhar) ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਜਲੰਧਰ ਅਤੇ ਐਸ. ਬੀ. ਐਸ. ਨਗਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੂੰ ਤੁਰੰਤ ਮੁੰਬਈ ਭੇਜਿਆ ਗਿਆ, ਜਿਨ੍ਹਾਂ ਨੇ ਸਥਾਨਕ ਮੁੰਬਈ ਪੁਲਿਸ ਦੀ ਮਦਦ ਨਾਲ ਦੋਵਾਂ ਸ਼ੱਕੀਆਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਦੁਆਰਾ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਦਿੱਤਾ ਗਿਆ ਸੀ

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਦੁਆਰਾ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਕਾਰਨ ਅਜਿਹੀਆਂ ਸੰਭਾਵੀ ਵਾਰਤਦਾਤਾਂ ਹੁਣ ਟਲ਼ ਗਈਆਂ ਹਨ । ਇਸ ਸਬੰਧੀ ਐਫਆਈਆਰ ਨੰ. 70 ਮਿਤੀ 03.07.2025 ਨੂੰ ਬੀ. ਐਨ. ਐਸ. ਦੀਆਂ ਧਾਰਾਵਾਂ 103, 191(3) ਅਤੇ 190 ਅਤੇ ਅਸਲਾ ਐਕਟ ਦੀਆਂ ਧਾਰਾ 25 ਅਤੇ 27 ਤਹਿਤ ਐਸ. ਬੀ. ਐਸ. ਨਗਰ ਦੇ ਪੁਲਿਸ ਥਾਣਾ ਪੋਜੇਵਾਲ ਵਿਖੇ ਕੇਸ ਦਰਜ ਕੀਤਾ ਗਿਆ ਸੀ ।

Read More : ਡੀ. ਜੀ. ਪੀ. ਨੇ ਕੀਤੀ ਯੁੱਧ ਨਸ਼ਿਆਂ ਵਿਰੁੱਧ-ਕਾਨੂੰਨ-ਵਿਵਸਥਾ ਮੀਟਿੰਗ ਦੀ ਪ੍ਰਧਾਨਗੀ

LEAVE A REPLY

Please enter your comment!
Please enter your name here