ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚਲਾਈ ਜਾ ਰਹੀ ਟਰਾਂਸਪੋਰਟ ਮਾਫੀਆ ਖ਼ਿਲਾਫ਼ ਮੁਹਿੰਮ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਅੰਮ੍ਰਿਤਸਰ ਦੇ ਨਵ-ਨਿਯੁਕਤ ਆਰ. ਟੀ. ਏ. ਸੈਕਰੇਟਰੀ ਅਰਸ਼ਦੀਪ ਸਿੰਘ ਲੁਬਾਣਾ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਂਸਪੋਰਟ ਮਾਫੀਆ ’ਤੇ ਸ਼ਿਕੰਜ਼ਾ ਕੱਸ ਦਿੱਤਾ ਹੈ ।
ਇਸ ਮੁਹਿੰਮ ਤਹਿਤ ਅੰਮ੍ਰਿਤਸਰ ’ਚ ਵੱਖ-ਵੱਖ ਸਥਾਨਾਂ ’ਤੇ ਅੱਧਾ ਦਰਜਨ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੁੱਝ ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ, ਜੋ ਟੈਕਸ ਡਿਫਾਲਟਰ ਸਨ ਜਾਂ ਫਿਰ ਨਾਜਾਇਜ਼ ਤੌਰ ’ਤੇ ਚਲਾਈ ਜਾ ਰਹੀ ਸਨ। ਬੰਦ ਕੀਤੀਆਂ ਜਾਣ ਵਾਲੀਆਂ ਬੱਸਾਂ ’ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਟਰਾਂਸਪੋਰਟ ਮਾਫੀਆ ਖ਼ਿਲਾਫ਼ ਵੱਡਾ ਐਕਸ਼ਨ ਕਰਨ ਦੇ ਨਿਰਦੇਸ਼ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਤੋਂ ਜਾਰੀ ਕੀਤੇ ਜਾ ਚੁੱਕੇ ਹਨ।
ਉੱਥੇ ਹੀ ਟਰਾਂਸਪੋਰਟ ਵਿਭਾਗ ਦੀ ਇਸ ਕਾਰਵਾਈ ਤੋਂ ਟਰਾਂਸਪੋਰਟ ਮਾਫੀਆ ਅਤੇ ਟੈਕਸ ਮਾਫੀਆ ਵੀ ਬੁਰੀ ਤਰ੍ਹਾਂ ਨਾਲ ਸਹਿਮ ਗਿਆ ਹੈ ਕਿਉਂਕਿ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਅਤੇ ਟੈਕਸ ਡਿਫਾਲਟਰ ਬੱਸਾਂ ’ਤੇ ਸਿਰਫ਼ ਅੰਮ੍ਰਿਤਸਰ ’ਚ ਨਹੀਂ ਸਗੋਂ ਰਾਜ ਦੇ ਸਾਰੇ ਪ੍ਰਮੁੱਖ ਜ਼ਿਲ੍ਹਿਆਂ ’ਚ ਕਾਰਵਾਈ ਕੀਤੀ ਜਾ ਰਹੀ ਹੈ। ਖੁਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅਧਿਕਾਰੀਆਂ ਦੀ ਟੀਮ ਨਾਲ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰ ਚੁੱਕੇ ਹਨ ।
ਉਨ੍ਹਾਂ ਨੇ ਆਰ. ਟੀ. ਏ. ਸੈਕਰੇਟਰੀ ਅਤੇ ਟਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕਿਸੇ ਵੀ ਟੈਕਸ ਡਿਫਾਲਟਰ ਬੱਸ ਨੂੰ ਸੜਕ ’ਤੇ ਨਾ ਚਲਣ ਦਿੱਤਾ ਜਾਵੇ ਕਿਉਂਕਿ ਜਦੋਂ ਟੈਕਸ ਦੀ ਚੋਰੀ ਹੁੰਦੀ ਹੈ ਤਾਂ ਰਾਜ ਦਾ ਵਿਕਾਸ ਵੀ ਘੱਟ ਹੁੰਦਾ ਹੈ ਇਮਾਨਦਾਰੀ ਦੇ ਨਾਲ ਜੇਕਰ ਰੈਵੇਨਿਊ ਮਿਲੇ ਤਾਂ ਇਸ ਰੈਵੇਨਿਊ ਨਾਲ ਰਾਜ ਦਾ ਠੀਕ ਤਰੀਕੇ ਨਾਲ ਵਿਕਾਸ ਕੀਤਾ ਜਾ ਸਕਦਾ ਹੈ ।
ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਮਾਫੀਆ ’ਤੇ ਹਮੇਸ਼ਾ ਕਿਸੇ ਨਾ ਕਿਸੇ ਵੱਡੇ ਨੇਤਾ ਦੀ ਛਤਰ-ਛਾਇਆ ਬਣੀ ਰਹੀ ਹੈ ਭਾਵੇਂ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਕਾਰਜਕਾਲ ਰਿਹਾ ਹੋ ਜਾਂ ਫਿਰ ਮੌਜੂਦਾ ਕਾਂਗਰਸ ਸਰਕਾਰ ਟਰਾਂਸਪੋਰਟ ਮਾਫੀਆ ਹਮੇਸ਼ਾ ਕਿਸੇ ਨਾ ਕਿਸੇ ਵੱਡੇ ਨੇਤਾ ਦੇ ਇਸ਼ਾਰੇ ’ਤੇ ਹੀ ਸੁਰੱਖਿਅਤ ਰਹਿੰਦਾ ਹੈ। ਨਵੀਂ ਸਰਕਾਰ ਆਉਣ ’ਤੇ ਚਿਹਰੇ ਜ਼ਰੂਰ ਬਦਲ ਜਾਂਦੇ ਹਨ ਪਰ ਹਲਾਤ ਪਹਿਲਾਂ ਵਾਲੇ ਹੀ ਰਹਿੰਦੇ ਹੈ । ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਕਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਫਰੀ ਹੈਂਡ ਕਰ ਦਿੱਤਾ ਜਾਵੇ ਤਾਂ ਇਕ ਹਫ਼ਤੇ ’ਚ ਨਾਜਾਇਜ਼ ਤੌਰ ’ਤੇ ਚਲਣ ਵਾਲੀ ਬੱਸਾਂ ਅਤੇ ਟੈਕਸ ਡਿਫਾਲਟਰ ਬੱਸਾਂ ਨੂੰ ਬੰਦ ਕੀਤਾ ਜਾ ਸਕਦਾ ਹੈ।