
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਸ਼ੇ ਚ ਧੁਤ ਟਰੈਕਟਰ ਚਾਲਕ ਨੇ ਦੋ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਰਾਹਗੀਰ ਦੀ ਈਐਸਆਈ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪਕ ਅਤੇ ਰੁਧੰਤੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀਪਕ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਮਦਾਰਪੁਰ ਪਿੰਡ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਲਗਭਗ 3 ਘੰਟੇ ਪਹਿਲਾਂ ਹੀ ਦੀਪਕ ਕਿਸੇ ਕੰਮ ਲਈ ਆਪਣੇ ਰਿਸ਼ਤੇਦਾਰ ਨਾਲ ਲੁਧਿਆਣਾ ਆਇਆ ਸੀ। ਇਸ ਦੌਰਾਨ, ਔਰਤ ਰੁਧੰਤੀ ਕਿਸੇ ਕੰਮ ਲਈ ਜਾ ਰਹੀ ਸੀ ਕਿ ਇਹ ਹਾਦਸਾ ਵਾਪਰ ਗਿਆ। ਰੁਧੰਤੀ ਨੂੰ ਜ਼ਖਮੀ ਹਾਲਤ ਵਿੱਚ ਈਐਸਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਰੁਧਾਂਤੀ ਦੇ ਦੋ ਪੁੱਤਰ ਹਨ, ਸ਼ੁਭਮ ਅਤੇ ਅੰਕੁਰ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਲੋਕਾਂ ਨੇ ਡਰਾਈਵਰ ਵਿੱਕੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਲੋਹਾਰਾ ਦੇ ਰਹਿਣ ਵਾਲੇ ਵਿੱਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।