ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਜੇਵਲਿਨ ਥਰੋ ਦੇ ਫ਼ਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਹਨ। ਨੀਰਜ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 83.50 ਮੀਟਰ ਦਾ ਸਕੋਰ : ਕੁਆਲੀਫਿਕੇਸ਼ਨ ਹਾਸਲ ਕਰਦੇ ਹੋਏ ਫਾਈਨਲ ਵਿੱਚ ਐਂਟਰੀ ਕੀਤੀ ਅਤੇ ਭਾਰਤ ਲਈ ਪਦਕ ਦੀ ਉਮੀਦ ਜਗਾਈ। ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੋਨ ਤਮਗ਼ਾ ਜੇਤੂ ਚੋਪੜਾ ਨੇ ਫ਼ਾਈਨਲ ਲਈ ਕੁਆਲੀਫ਼ਾਈ ਕਰਨ ਦੇ ਬਾਅਦ ਬਾਕੀ ਦੋ ਕੋਸ਼ਿਸ਼ਾਂ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ। ਕੁਆਲੀਫਿਕੇਸ਼ਨ ਵਿੱਚ 3 ਕੋਸ਼ਿਸ਼ ਦਾ ਮੌਕਾ ਮਿਲਦਾ ਹੈ, ਜਿਸ ਵਿਚੋਂ ਸਰਵਸ੍ਰੇਸ਼ਠ ਕੋਸ਼ਿਸ਼ ਨੂੰ ਗਿਣਿਆ ਜਾਂਦਾ ਹੈ।
ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਚੋਪੜਾ ਗਰੁੱਪ ਏ ’ਚ 16 ਖਿਡਾਰੀਆਂ ਦਰਮਿਆਨ ਚੋਟੀ ’ਤੇ ਰਹੇ। ਉਨ੍ਹਾਂ ਦਾ ਨਿੱਜੀ ਤੇ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸਨ 88.07 ਮੀਟਰ ਹੈ ਜੋ ਉਨ੍ਹਾਂ ਨੇ ਮਾਰਚ 2021 ’ਚ ਪਟਿਆਲਾ ’ਚ ਇੰਡੀਅਨ ਗ੍ਰਾਂ ਪ੍ਰੀ 3 ’ਚ ਬਣਾਇਆ ਸੀ। ਗਰੁੱਪ ਏ ਤੋਂ ਰੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੇ ਤੇ ਟੋਕੀਓ ਖੇਡਾਂ ’ਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਜਰਮਨੀ ਦੇ ਯੋਹਾਨੇਸ ਵੇਟੇਰ (85.65 ਮੀਟਰ) ਤੇ ਫਿਨਲੈਂਡ ਦੇ ਲੇਸੀ ਐਟਲੇਟਾਲੋ (84.50 ਮੀਟਰ) ਵੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਦੁਨੀਆ ਦੇ ਨੰਬਰ ਇਕ ਖਿਡਾਰੀ ਵੇਟੇਰ ਨੇ ਆਪਣੀ ਤੀਜੀ ਤੇ ਲੇਸੀ ਨੇ ਪਹਿਲੀ ਹੀ ਕੋਸ਼ਿਸ਼ ’ਚ ਫ਼ਾਈਨਲ ਲਈ ਜਗ੍ਹਾ ਬਣਾਈ। ਐਟਲੇਟਾਲੋ ਦੀ ਇਹ ਕੋਸ਼ਿਸ਼ ਉਨ੍ਹਾਂ ਦਾ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।