ਜਗਰਾਉਂ ਘਰ ‘ਚੋਂ 40 ਤੋਲੇ ਸੋਨਾ ਤੇ 20 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋਏ ਚੋਰ
ਜਗਰਾਓਂ ‘ਚ ਸ਼ੁੱਕਰਵਾਰ ਤੜਕੇ ਚੋਰਾਂ ਨੇ ਖੇਤਾਂ ‘ਚ ਬਣੇ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਦੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਘਰ ‘ਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਨਹੀਂ ਲੱਗਾ ਅਤੇ ਚੋਰ ਘਰ ਦਾ ਸਾਰਾ ਸਮਾਨ ਸਾਫ਼ ਕਰਕੇ ਫ਼ਰਾਰ ਹੋ ਗਏ | ਇੰਨਾ ਹੀ ਨਹੀਂ ਚੋਰਾਂ ਨੇ ਘਰ ਦੇ ਫਰਿੱਜ ‘ਚੋਂ ਦੁੱਧ ਕੱਢ ਕੇ ਆਰਾਮ ਨਾਲ ਪੀ ਲਿਆ ਅਤੇ ਜਾਂਦੇ ਸਮੇਂ ਖਾਲੀ ਗਲਾਸ ਕੰਧ ‘ਤੇ ਰੱਖ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਟਰੰਪ ਨੇ ਅਮਰੀਕੀ ਯਹੂਦੀਆਂ ਨੂੰ ਕੀਤੀ ਅਪੀਲ, ਕਹੀ ਆਹ ਗੱਲ
ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ਪੁਰਸ਼ੋਤਮ ਸਿੰਘ ਵਾਸੀ ਪਿੰਡ ਰਛੀਨ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਅਤੇ ਉਸ ਦਾ ਚਚੇਰਾ ਭਰਾ ਪਰਿਵਾਰ ਸਮੇਤ ਆਪਣੇ-ਆਪਣੇ ਕਮਰੇ ਵਿੱਚ ਸੁੱਤੇ ਪਏ ਸਨ। ਚੋਰ ਸ਼ੁੱਕਰਵਾਰ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ‘ਚ ਦਾਖਲ ਹੋਏ, ਘਰ ਦੇ ਪਿੱਛੇ ਲੱਗੇ ਬੇਰੀ ਦੇ ਦਰੱਖਤ ‘ਤੇ ਚੜ੍ਹ ਕੇ ਘਰ ਦੀ ਕੰਧ ਟੱਪ ਕੇ ਦਾਖਲ ਹੋਏ। ਇਸ ਤੋਂ ਬਾਅਦ ਚੋਰਾਂ ਨੇ ਆਸਾਨੀ ਨਾਲ ਖਿੜਕੀਆਂ ਦੇ ਤਾਲੇ ਆਦਿ ਖੋਲ੍ਹ ਕੇ ਗਰਿੱਲ ਤੋੜ ਕੇ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਕਿ ਪਰਿਵਾਰ ਨੂੰ ਸੁਰਾਗ ਵੀ ਨਹੀਂ ਲੱਗਾ। ਇਸ ਤੋਂ ਬਾਅਦ ਚੋਰਾਂ ਨੇ ਸਟੋਰ ਰੂਮ ‘ਚ ਦਾਖਲ ਹੋ ਕੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਚੋਰ ਘਰ ‘ਚੋਂ 35-40 ਤੋਲੇ ਸੋਨੇ ਦੇ ਗਹਿਣੇ ਅਤੇ ਵੀਹ ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਪੁਲਿਸ ਨੇ ਫਿੰਗਰਪ੍ਰਿੰਟ ਟੀਮ ਨੂੰ ਬੁਲਾ ਕੇ ਚੋਰਾਂ ਦੇ ਫਿੰਗਰ ਪ੍ਰਿੰਟ ਇਕੱਠੇ ਕਰ ਲਏ ਹਨ ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।