ਪਟਵਾਰੀ ਵੱਲੋਂ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਮਾਮਲੇ ਚ ਆਇਆ ਨਵਾਂ ਮੋੜ
ਬੀਤੇ ਕੁਝ ਦਿਨ ਪਹਿਲਾਂ ਪਿੰਡ ਮਾਣਕੀ ਦੇ ਨਿਵਾਸੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਚਮਨ ਲਾਲ ਵੱਲੋਂ ਪਿੰਡ ਮਾਣਕੀ ਦੇ ਡੇਰੇ ਦੀ ਜਮੀਨ ਦਾ ਇੰਤਕਾਲ ਕਰਨ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਸਬੰਧ ਦੇ ਵਿੱਚ ਪਿੰਡ ਮਾਣਕੀ ਨਿਵਾਸੀਆਂ ਨੇ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਵੱਲੋਂ ਪਟਵਾਰੀ ਚਮਨ ਲਾਲ ਉੱਪਰ ਲਗਾਏ ਗਏ ਰਿਸ਼ਵਤ ਮੰਗਣ ਦੇ ਇਲਜ਼ਾਮ ਨੂੰ ਬੇਬੁਨਿਆਦ ਠਹਿਰਾਇਆ ਸੀ ਅਤੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ ਅਤੇ ਨਾਲ ਹੀ ਪਟਵਾਰ ਯੂਨੀਅਨ ਨੇ ਐਸਡੀਐਮ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਾਉਣ ਵਾਲੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਸ਼ਿਕਾਇਤ ਦਿੱਤੀ ਸੀ।
ਰਿਸ਼ਵਤ ਮੰਗਣ ਦਾ ਦੋਸ਼
ਅੱਜ ਸਮਰਾਲਾ ਐਸਡੀਐਮ ਦਫਤਰ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਲਾਉਣ ਵਾਲੇ ਵਿਅਕਤੀਆਂ ਨੇ ਐਸ ਡੀ ਐਮ ਸਮਰਾਲਾ ਰਜਨੀਸ਼ ਅਰੋੜਾ, ਸਮੂਹ ਪੱਤਰਕਾਰ ਭਾਈਚਾਰਾ ਅਤੇ ਪਟਵਾਰ ਯੂਨੀਅਨ ਸਾਹਮਣੇ ਮਾਫੀ ਮੰਗੀ ਅਤੇ ਕਿਹਾ ਕਿ ਅਸੀਂ ਆਪਣੇ ਸ਼ਬਦ ਵਾਪਸ ਲੈਦੇ ਹਾਂ ਜੋ ਵੀ ਅਸੀਂ ਕਿਹਾ ਹੈ ਉਹ ਬੇਬੁਨਿਆਦ ਸੀ ਅਸੀਂ ਮਾਫੀ ਮੰਗਦੇ ਹਾਂ।
ਇਸ ਸੰਬੰਧ ਦੇ ਵਿੱਚ ਮਨਜੀਤ ਸਿੰਘ ਨਿਵਾਸੀ ਮਾਣਕੀ ਅਤੇ ਰਾਜਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਰਪਸ਼ਨ ਖਿਲਾਫ ਮੁਹਿੰਮ ਵੱਡੀ ਗਈ ਸੀ ਉਸ ਦਾ ਫਾਇਦਾ ਲੈਂਦੇ ਹੋਏ ਅਸੀਂ ਮਾਣਗੀ ਪਿੰਡ ਦੇ ਡੇਰੇ ਦੀ ਸੱਤ ਕਿਲੇ ਜ਼ਮੀਨ ਦਾ ਇੰਤਕਾਲ ਡਰਾ ਧਮਕਾ ਕੇ ਕਰਾਉਣਾ ਚਾਹੁੰਦੇ ਸੀ ਜੋ ਸਾਡੀ ਬਹੁਤ ਵੱਡੀ ਗਲਤੀ ਸੀ ਅਤੇ ਅਸੀਂ ਇਸ ਸੰਬੰਧ ਵਿੱਚ ਮਾਫੀ ਮੰਗਦੇ ਹਾਂ ਜਸਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਸਾਨੂੰ ਕਿਸੇ ਸ਼ਰਾਰਤੀ ਅਨਸਰ ਨੇ ਕਿਹਾ ਸੀ ਕਿ 7 ਲੱਖ ਰੁਪਏ ਮੰਗ ਲਓ ਪਰ ਅਸੀਂ ਉਸਦਾ ਨਾਮ ਨਹੀਂ ਲੈਣਾ ਚਾਹੁੰਦੇ। ਪਟਵਾਰੀ ਚਮਨ ਲਾਲ ਨੇ ਕਿਹਾ ਕਿ ਮੇਰੇ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਜੌ ਇਲਜ਼ਾਮ ਪਿੰਡ ਮਾਣਕੀ ਦੇ ਨਿਵਾਸੀਆਂ ਨੇ ਲਗਾਏ ਸੀ ਉਹ ਬੇਬੁਨੀਆਦ ਸੀ ਕਿਉਂਕਿ ਉਹ ਜਮੀਨ ਡੇਰੇ ਦੀ ਜਮੀਨ ਸੀ ਜਿਸ ਦਾ ਇੰਤਕਾਲ ਨਹੀਂ ਹੋ ਸਕਦਾ ਸੀ। ਪਰ ਮੈਨੂੰ ਪਿੰਡ ਮਾਣਕੀ ਨਿਵਾਸੀਆਂ ਨੇ ਮੈਨੂੰ ਡਰਾ ਧਮਕਾ ਕੇ ਜਮੀਨ ਦਾ ਇੰਤਕਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਪਿੰਡ ਮਾਣਕੀ ਨਿਵਾਸੀਆਂ ਨੇ ਐਸਡੀਐਮ ਸਮਰਾਲਾ ਦਫਤਰ ‘ਚ ਮੁਾਫੀ ਮੰਗ ਲਈ ਹੈ ਅਤੇ ਅਸੀਂ ਆਪਣੀ ਹੜਤਾਲ ਵਾਪਿਸ ਲੈਂਦੇ ਹਾਂ।
ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ
ਇਸ ਸਾਰੇ ਮਾਮਲੇ ਤੇ ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਸਮਰਾਲਾ ਤਹਿਸੀਲ ਦੇ ਪਟਵਾਰੀ ਚਮਨ ਲਾਲ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਪਿੰਡ ਮਾਣਕੀ ਦੇ ਨਿਵਾਸੀਆਂ ਨੇ ਲਗਾਇਆ ਸੀ ਉਹ ਬੇਬੁਨਿਆਦ ਸੀ ਅਤੇ ਦੋਸ਼ੀਆਂ ਵੱਲੋਂ ਪਟਵਾਰੀ ਉਪਰ ਇਲਜ਼ਾਮ ਲਗਾਉਣਾ ਇੱਕ ਸੋਚੀ ਸਮਝੀ ਸਾਜਿਸ਼ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਰਪਸ਼ਨ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ ਜਿਸਦੇ ਤਹਿਤ ਸਰਕਾਰੀ ਮੁਲਾਜਮਾ ਦੇ ਵਿੱਚ ਸਰਕਾਰ ਦਾ ਡਰ ਹੈ। ਉਸਦਾ ਦੋਸ਼ੀ ਵਿਅਕਤੀ ਨੇ ਫਾਇਦਾ ਚੁੱਕਣ ਦੀ ਸੋਚੀ ਅਤੇ ਸਮਰਾਲਾ ਤਹਿਸੀਲ ਵਿੱਚ ਨਾਅਰੇਬਾਜ਼ੀ ਕਰ ਪਟਵਾਰੀਆਂ ਉੱਤੇ ਝੂਠੇ ਇਲਜ਼ਾਮ ਲਗਾਏ। ਐਸਡੀਐਮ ਸਮਰਾਲਾ ਨੇ ਕਿਹਾ ਕਿ ਜਿਸ ਜਮੀਨ ਦਾ ਇੰਤਕਾਲ ਲਈ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ ਉਹ ਜਮੀਨ ਡੇਰੇ ਦੀ ਹੈ ਅਤੇ ਇਸ ਜਮੀਨ ਦਾ ਇੰਤਕਾਲ ਨਹੀਂ ਹੋ ਸਕਦਾ। ਇਸ ਜਮੀਨ ਨੂੰ ਵੇਚਣ ਖਰੀਦਣ ਦੇ ਵਿੱਚ ਪ੍ਰੋਪਰਟੀ ਡੀਲਰਾਂ ਦਾ ਵੀ ਹੱਥ ਹੈ। ਅੱਜ ਦੋਸ਼ੀ ਵਿਅਕਤੀਆਂ ਵੱਲੋਂ ਮੇਰੇ ਦਫਤਰ ਦੇ ਵਿੱਚ ਆ ਕੇ ਪਟਵਾਰ ਯੂਨੀਅਨ ਤੋਂ ਮਾਫੀ ਮੀਡੀਆ ਸਾਹਮਣੇ ਮੰਗੀ ਹੈ ।