ਸੰਘਣੀ ਧੁੰਦ ਕਾਰਨ ਖੜ੍ਹੇ ਕੈਂਟਰ ਨਾਲ ਟਕਰਾਇਆ ਟੈਂਪੂ; ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ
ਸੰਘਣੀ ਧੁੰਦ ਕਾਰਨ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਕੱਲਰਖੇੜਾ ਨੇੜੇ ਇਕ ਟੈਂਪੂ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ, ਜਿਸ ਕਾਰਨ ਟੈਂਪੂ ਚਾਲਕ ਦੀ ਮੌਤ ਹੋ ਗਈ। ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਤੋਂ ਬਾਅਦ ਸ੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਟੈਂਪੂ ਚਾਲਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਇਕ ਬੱਚੇ ਦਾ ਪਿਤਾ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਕਰੀਬ 46 ਸਾਲਾ ਅੰਗਰੇਜ਼ ਸਿੰਘ ਸਵੇਰੇ ਮੀਟ ਲੈ ਕੇ ਟੈਂਪੂ ‘ਤੇ ਆਪਣੇ ਦੋਸਤ ਸਚਿਨ ਨਾਲ ਵਿਆਹ ਸਮਾਗਮ ਲਈ ਸ੍ਰੀ ਗੰਗਾਨਗਰ ਜਾ ਰਿਹਾ ਸੀ। ਜਦੋਂ ਉਹ ਦੋਵੇਂ ਟੈਂਪੂ ਲੈ ਕੇ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਕੱਲਰਖੇੜਾ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਖੜ੍ਹਾ ਕੈਂਟਰ ਨਜ਼ਰ ਨਹੀਂ ਆਇਆ। ਜਿਸ ਕਾਰਨ ਟੈਂਪੂ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ। ਹਾਦਸੇ ‘ਚ ਅੰਗਰੇਜ਼ ਸਿੰਘ ਦੀ ਮੌਤ ਹੋ ਗਈ, ਜਦਕਿ ਸਚਿਨ ਦਾ ਸ੍ਰੀਗੰਗਾਨਗਰ ‘ਚ ਇਲਾਜ ਚੱਲ ਰਿਹਾ ਹੈ।