ਫ਼ਰੀਦਕੋਟ 28 ਮਈ: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਫ਼ਰੀਦਕੋਟ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਪੀਣ ਵਾਲੇ ਠੰਢੇ ਪਾਣੀ ਦੇ ਪਲਾਂਟ ਦਾ ਉਦਘਾਟਨ ਕੀਤਾ । ਸਪੀਕਰ ਸੰਧਵਾਂ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ । ਉਨ੍ਹਾਂ ਬੈਰਕਾਂ ਦਾ ਨਿਰੀਖਨ ਕਰਕੇ ਉਨ੍ਹਾਂ ਦੇ ਰਹਿਣ-ਸਹਿਣ ਅਤੇ ਮਿਲ ਰਹੀ ਸਿਹਤ ਸੁਵਿਧਾਵਾਂ ਸਬੰਧੀ ਜਾਣਕਾਰੀ ਵੀ ਲਈ । ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ਗਈ ।
ਸਪੀਕਰ ਸੰਧਵਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਨੁਸ਼ਾਸ਼ਨ ਵਿੱਚ ਕਿਸੇ ਵੀ ਤਰ੍ਹਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਲਈ ਬਣਾਏ ਜਾਂਦੇ ਖਾਣੇ ਦਾ ਵੀ ਜਾਇਜ਼ਾ ਲਿਆ । ਉਸ ਉਪਰੰਤ ਉਨ੍ਹਾਂ ਜੇਲ ਵਿੱਚ ਛੋਟੇ ਬੱਚਿਆਂ ਲਈ ਚੱਲ ਰਹੇ ਸਕੂਲ ਦਾ ਵੀ ਨਿਰੀਖਣ ਕੀਤਾ । ਸਪੀਕਰ ਸੰਧਵਾਂ ਨੇ ਜੇਲ ਲਈ 200 ਪੱਖੇ ਆਪਣੇ ਅਖਤਿਆਰੀ ਫੰਡ ਵਿੱਚੋਂ ਦੇਣ ਦਾ ਐਲਾਨ ਕੀਤਾ । ਉਸ ਮੌਕੇ ਕੈਦੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।
ਇਸ ਮੌਕੇ ਕੈਦੀਆਂ, ਹਵਾਲਾਤੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਸ੍ਰੀ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸਤਨਾਮ ਸਿੰਘ ਚੰਦੜ ਵੱਲੋਂ ਕੁੰਜੀਵੰਤ ਭਾਸ਼ਣ ਦਿੱਤਾ ਗਿਆ ।ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਜੰਗੀ ਪੱਧਰ ਤੇ ਕਾਰਵਾਈ ਉਲੀਕੀ ਗਈ ਹੈ । ਉਨ੍ਹਾਂ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਕਿਹਾ ਕਿ ਉਹ ਆਪ ਵੀ ਨਸ਼ਾ ਨਾ ਕਰਨ ਅਤੇ ਆਪਣੀ ਕੈਦ ਕੱਟ ਕੇ ਬਾਹਰ ਜਾਣ ਉਪਰੰਤ ਆਪ ਵੀ ਇੱਕ ਚੰਗੀ ਜਿੰਦਗੀ ਜਿਊਣ ਅਤੇ ਦੂਜਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ ।