ਲੰਡਨ– ਸਪੇਨ ਦੀ ਨੌਜਵਾਨ ਖਿਡਾਰੀਆਂ ਨਾਲ ਸਜੀ ਟੀਮ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਅਭਿਆਸ ਮੈਚ ਵਿਚ ਲਿਥੂਵਾਨੀਆ ਨੂੰ 4-0 ਨਾਲ ਕਰਾਰੀ ਹਾਰ ਦਿੱਤੀ। ਸਪੇਨ ਨੇ ਕਪਤਾਨ ਸਰਜੀਓ ਬਾਸਕੇਟ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੈਚ ਲਈ ਆਪਣੀ ਅੰਡਰ-21 ਟੀਮ ਦੇ ਖਿਡਾਰੀਆਂ ਨਾਲ ਟੀਮ ਤਿਆਰ ਕੀਤੀ। ਇਸ ਮੈਚ ਲਈ ਜਿਨ੍ਹਾਂ 20 ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 19 ਖਿਡਾਰੀ ਕਦੇ ਸੀਨੀਅਰ ਟੀਮ ਵਿਚ ਨਹੀਂ ਖੇਡੇ ਸਨ। ਇਸ ਦੋਸਤਾਨਾ ਮੈਚ ਨੂੰ ਸੀਨੀਅਰ ਪੱਧਰ ’ਤੇ ਕੌਮਾਂਤਰੀ ਦਰਜਾ ਦਿੱਤਾ ਗਿਆ ਸੀ। ਇਹ ਕੋਚ ਲੂਈ ਡੀ ਲਾ ਫੁਏਂਟੇ ਦਾ ਵੀ ਮੁੱਖ ਟੀਮ ਦੇ ਨਾਲ ਅਧਿਕਾਰਤ ਤੌਰ ’ਤੇ ਪਹਿਲਾ ਮੈਚ ਸੀ।
ਇਸ ਦੌਰਾਨ ਫਰਾਂਸ ਨੇ ਇਕ ਹੋਰ ਮੈਚ ਵਿਚ ਬੁਲਗਾਰੀਆ ਨੂੰ 3-0 ਨਾਲ ਹਰਾਇਆ ਪਰ ਇਸ ਮੈਚ ਵਿਚ ਉਸਦੇ ਸਟਾਰ ਖਿਡਾਰੀ ਕਰੀਮ ਬੇਂਜੇਮਾ ਦੇ ਜ਼ਖ਼ਮੀ ਹੋਣ ਨਾਲ ਯੂਰਪੀਅਨ ਚੈਂਪੀਅਨਸ਼ਿਪ ਤੋਂ ਪਹਿਲਾਂ ਉਸਦੀਆਂ ਚਿੰਤਾਵਾਂ ਵੱਧ ਗਈਆਂ। ਬੇਂਜੇਮਾ ਸਿਰਫ 41 ਮਿੰਟ ਤਕ ਹੀ ਮੈਦਾਨ ’ਤੇ ਰਹਿ ਸਕਿਆ।
ਬੇਂਜੇਮਾ ਦੀ ਜਗ੍ਹਾ ਮੈਦਾਨ ’ਤੇ ਉੱਤਰੇ ਓਲੀਵਰ ਗਿਰੋਡ ਨੇ ਆਖਰੀ ਸੱਤ ਮਿੰਟ ਵਿਚ ਦੋ ਗੋਲ ਕੀਤੇ। ਉਸ ਤੋਂ ਪਹਿਲਾਂ ਐਂਟੋਨੀ ਗ੍ਰਿਜਮੈਨ ਨੇ 29ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਸੀ। ਹੋਰਨਾਂ ਅਭਿਆਸ ਮੈਚਾਂ ਵਿਚ ਚੈੱਕ ਗਣਰਾਜ ਨੇ ਅਲਬਾਨੀਆ ਨੂੰ 3-1 ਨਾਲ ਹਰਾਇਆ ਜਦਕਿ ਆਇਸਲੈਂਡ ਤੇ ਪੋਲੈਂਡ ਦਾ ਮੈਚ 2-2 ਨਾਲ ਤੇ ਹੰਗਰੀ ਤੇ ਆਇਰਲੈਂਡ ਦਾ ਮੈਚ ਗੋਲ ਰਹਿਤ ਡਰਾਅ ਰਿਹਾ।