ਪਟਿਆਲਾ, 10 ਨਵੰਬਰ 2025 : ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣਾਂ ਦੀ ਬਹਾਲੀ ਅਤੇ ਪੰਜਾਬ ਦੀ ਦਾਅਵੇਦਾਰੀ ਲਈ ਸੰਘਰਸ਼ ਦੀ ਹਮਾਇਤ ਅਤੇ ਪੁਲਿਸ ਪ੍ਰਸ਼ਾਸਨ ਦੇ ਧੱਕੇ ਵਿਰੁੱਧ ਮੁਜ਼ਾਹਰਾ ਕੀਤਾ ਗਿਆ । ਜਿਕਰਯੋਗ ਹੈ ਕਿ ਬੀਤੀ 1 ਨਵੰਬਰ ਨੂੰ ਕੇਂਦਰ ਹਕੂਮਤ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਕਾਰਜਕਾਰੀ ਸੰਸਥਾ ਨੂੰ ਭੰਗ ਕਰ ਦਿੱਤਾ ਹੈ, ਜਿਸ ਵਿੱਚ ਯੂਨੀਵਰਸਿਟੀ ਤੇ ਯੂਨੀਵਰਸਿਟੀ ਨਾਲ ਜੁੜੇ ਗ੍ਰੈਜੂਏਟ ਕਾਲਜਾਂ ਦੇ ਵਿਦਿਆਰਥੀ ਚੋਣਾਂ ਜ਼ਰੀਏ ਹਿੱਸਾ ਲੈ ਸਕਦੇ ਸਨ।59 ਸਾਲਾਂ ਤੋਂ ਕੰਮ ਕਰ ਰਹੀ ਸੈਨੇਟ ਨੂੰ 31 ਮੈਂਬਰੀ ਬਣਾ ਦਿੱਤਾ ਗਿਆ ਜਿਸ ਵਿੱਚ ਸਾਰੇ ਨੁਮਾਇੰਦੇ ਨਾਮਜ਼ਦ ਕੀਤੇ ਜਾਣਗੇ ।
ਪੰਜਾਬੀ ਯੂਨੀਵਰਸਿਟੀ ਵਿਖੇ ਰੱਖਿਆ ਗਿਆ ਸੀ `ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ“ਦਾ ਇਕੱਠ
ਇਸ ਸਬੰਧੀ ਅੱਜ `ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ` (Punjab University Bachao Morcha`) ਨੇ ਪੰਜਾਬ ਯੂਨੀਵਰਸਿਟੀ ਵਿੱਚ ਇਕੱਠ ਰੱਖਿਆ ਸੀ । ਇਸ ਸੰਘਰਸ਼ ਦੀ ਹਮਾਇਤ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੁਜ਼ਾਹਰਾ ਕੀਤਾ ਗਿਆ । ਮੁਜ਼ਾਹਰੇ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਅਧੀਨ ਕਰਨ ਲਈ ਕੇਂਦਰ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਤਾਂ ਕਿ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਆਪਣੇ ਅਧੀਨ ਕਰਕੇ ਸੂਬਿਆਂ ਦੇ ਹੱਕਾਂ ਨੂੰ ਖ਼ਤਮ ਕੀਤਾ ਜਾ ਸਕੇ । ਨਵੀਂ ਸਿੱਖਿਆ ਨੀਤੀ 2020 ਇਸੇ ਦਿਸ਼ਾ ਵਿੱਚ ਕਦਮ ਹੈ, ਜਿਸ ਨਾਲ ਇਜਾਰੇਦਾਰ ਸਰਮਾਏਦਾਰਾਂ ਦੀ ਸੇਵਾ ਕਰਨ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੀ ਸੌੜੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕੇ ਤੇ `ਹਿੰਦੀ, ਹਿੰਦੂ, ਹਿੰਦੁਸਤਾਨ` ਦੇ ਨਾਅਰੇ ਨੂੰ ਲਾਗੂ ਕੀਤਾ ਜਾ ਸਕੇ ।
ਮੁਜ਼ਾਹਰੇ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੁਆਰਾ ਕੀਤਾ ਗਿਆ ਧੱਕਾ
ਆਗੂਆਂ ਨੇ ਕਿਹਾ ਕਿ ਅੱਜ ਮੁਜ਼ਾਹਰੇ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੁਆਰਾ ਕੀਤਾ ਗਿਆ ਧੱਕਾ ਹੋਇਆ । ਇਸ ਮੁਜ਼ਾਹਰੇ ਲਈ ਪਹੁੰਚੇ ਲੋਕਾਂ ਨੂੰ ਪਹਿਲਾਂ ਚੰਡੀਗੜ੍ਹ ਅਤੇ ਫਿਰ ਯੂਨੀਵਰਸਿਟੀ (Police Administration) ਵਿੱਚ ਪਹੁੰਚਣ ਤੋਂ ਰੋਕਿਆ ਗਿਆ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ। ਕਿਸੇ ਵੀ ਸੂਬੇ ਦੀ ਰਾਜਧਾਨੀ ਕੌਮ ਦੇ ਸਿਆਸੀ ਅਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਹੁੰਦੀ ਹੈ । ਕੇਂਦਰ ਸਰਕਾਰ ਦਾ ਇਹ ਪੰਜਾਬ ਵਿਰੋਧੀ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਪੰਜਾਬ ਦੇ ਲੋਕਾਂ ਦਾ ਹੈ
ਇਹ ਹਕੂਮਤਾਂ ਸ਼ਾਇਦ ਭੁਲੇਖੇ `ਚ ਹਨ, ਇਹ ਨਹੀਂ ਜਾਣਦੇ ਕਿ ਜ਼ਾਲਮਾਂ ਨੂੰ ਭਜਾ ਕੇ ਲੋਕ ਆਪਣੇ ਹੱਕ ਪੁਗਾਕੇ ਰਹਿੰਦੇ ਹਨ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਪੰਜਾਬ ਦੇ ਲੋਕਾਂ ਦਾ ਹੈ । ਪੰਜਾਬ ਦੇ ਜਮਹੂਰੀਅਤ ਪਸੰਦ ਲੋਕ ਕਦੇ ਵੀ ਇਹਨਾਂ ਗਿਰਝਾਂ ਦੇ ਮਨਸੂਬਿਆਂ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ । ਇਸ ਦੌਰਾਨ ਪੰਜਾਬ ਯੂਨੀਵਰਸਿਟੀ ਵਿੱਚ ਹੋ ਰਹੇ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ । ਇਸ ਮੁਜਾਹਰੇ ਦੌਰਾਨ ਸੰਜੂ ਕੁਮਾਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਦਿਲਪ੍ਰਰੀਤ ਕੌਰ ਨੇ ਪੂਰੇ ਮਸਲੇ ਬਾਰੇ ਵਿਚਾਰ ਸਾਂਝੇ ਕੀਤੇ । ਇਸ ਸਮੇਂ ਦੌਰਾਨ ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਨੇਹਾ, ਮੌਸਮ ਆਦਿ ਆਗੂ ਮੌਜੂਦ ਸਨ ।
Read More : ਪੀ. ਐਸ. ਯੂ. ਨੇ ਕੀਤਾ ਡੀ. ਸੀ. ਦਫਤਰ ਪਟਿਆਲਾ ਦੇ ਬਾਹਰ ਰੋਸ ਪ੍ਰਦਰਸ਼ਨ









