ਸਕੂਲ ਬੱਸ ਤੇ ਪ੍ਰਾਈਵੇਟ ਬੱਸ ‘ਚ ਹੋਈ ਭਿਆਨਕ ਟੱਕਰ, ਸਕੂਲੀ ਬੱਚੇ ਹੋਏ ਜ਼ਖ਼ਮੀ
ਕਪੂਰਥਲਾ ‘ਚ ਸਕੂਲ ਬੱਸ ਅਤੇ ਪ੍ਰਾਈਵੇਟ ਪ੍ਰਿੰਸ ਬੱਸ ਦੀ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਐਸਜੀਐਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਕੂਲ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਹੈ।
ਸਕੂਲ ਬੱਸ ਦੇ ਜ਼ਖਮੀ ਕੇਅਰਟੇਕਰ ਅਤੇ ਕੰਡਕਟਰ ਨੂੰ ਸੁਭਾਨਪੁਰ ਹਸਪਤਾਲ ‘ਚ ਕਰਵਾਇਆ ਗਿਆ ਦਾਖਲ
ਘਟਨਾ ਸੁਭਾਨਪੁਰ ਰੋਡ ‘ਤੇ ਪਿੰਡ ਬੂਟ ਨੇੜੇ ਵਾਪਰੀ। ਬਾਦਸ਼ਾਹਪੁਰ ਚੌਕੀ ਦੇ ਪੁਲੀਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਰਾਊਂਡਅਪ ਕਰ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਕੂਲ ਬੱਸ ਦੇ ਜ਼ਖਮੀ ਕੇਅਰਟੇਕਰ ਅਤੇ ਕੰਡਕਟਰ ਨੂੰ ਸੁਭਾਨਪੁਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪਿੰਡ ਬੂਟ ਨੇੜੇ ਕੈਂਬਰਿਜ ਸਕੂਲ ਬੱਸ (ਪੀਬੀ-08-ਕੇਐਫ-2453) ਅਤੇ ਪ੍ਰਿੰਸ ਬੱਸ (ਪੀਬੀ-08-ਸੀਡਬਲਯੂ-0717) ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਦਰੱਖਤਾਂ ਨਾਲ ਟਕਰਾ ਗਈਆਂ। ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।