ਮੋਹਾਲੀ, 21 ਅਗਸਤ 2025 : ਪਿਛਲੇ ਕਈ ਦਹਾਕਿਆਂ ਤੋਂ ਘਪਲਾ (Scam) ਕਰਨ ਵਿਚ ਮੋਹਰੀ ਵਿਭਾਗਾਂ ਵਿਚੋਂ ਇਕ, ਪੰਜਾਬ ਦਾ ਖੇਤੀਬਾੜੀ ਵਿਭਾਗ ਬਣ ਚੁੱਕਾ ਹੈ। ਇਸ ਵਿਭਾਗ ਵਿੱਚ ਕਦੇ ਬੀਜਾਂ ਦੇ ਨਾਂ ਉਤੇ ਘਪਲਾ, ਕਦੇ ਖਾਦ, ਕਦੇ ਖੇਤੀਬਾੜੀ ਸੰਦਾਂ ਦੀ ਖਰੀਦ ਅਤੇ ਕਦੇ ਕਰੋੜਾਂ ਦੀਆਂ ਕੀਟ-ਨਾਸ਼ਕ ਦਵਾਈਆਂ ਦਾ ਘਪਲਾ ਉਜਾਗਰ ਹੁੰਦਾ ਹੀ ਰਹਿੰਦਾ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਇਸ ਵਾਰ ਜ਼ਿਲ੍ਹਾ ਫਿਰੋਜ਼ਪੁਰ ਵਿਚ 100 ਕਰੋੜ ਰੁਪਏ ਦੇ ਕਰੀਬ ਦਾ ਘਪਲਾ ਸਾਹਮਣੇ ਆਇਆ ਹੈ ।
ਬਲਾਕ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਬਲਾਕ ਖੇਤੀਬਾੜੀ ਅਫਸਰ ਜੋ ਕਿ ਪੰਜਾਬ ਸਰਕਾਰ ਅਤੇ ਅਫਸਰਾਂ ਨੂੰ ਟਿੱਚ ਜਾਣਦਾ ਹੈ
ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਲਾਕ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਬਲਾਕ ਖੇਤੀਬਾੜੀ ਅਫਸਰ ਜੋ ਕਿ ਪੰਜਾਬ ਸਰਕਾਰ ਅਤੇ ਅਫਸਰਾਂ ਨੂੰ ਟਿੱਚ ਜਾਣਦਾ ਹੈ । ਇਸ ਕਦਰ ਭ੍ਰਿਸ਼ਟਾਚਾਰ ਵਿਚ ਲਿਪਤ ਹੋ ਚੁੱਕਾ ਹੈ ਕਿ ਕਰੋੜਾਂ ਦਾ ਕੀਤਾ ਕਥਿਤ ਘਪਲਾ ਵੀ ਉਸ ਨੂੰ ਕੁਝ ਨਹੀਂ ਲੱਗਦਾ । ਉਸ ਵਿਰੁੱਧ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਖੇਤੀਬਾੜੀ ਅਫਸਰਾਂ ਦੇ ਨਾਲ-ਨਾਲ ਪੰਜਾਬ ਦਾ ਵਿਜੀਲੈਂਸ ਵਿਭਾਗ ਵੀ ਉਸ ਨੂੰ ਪਲੇਠੇ ਪੁੱਤ ਵਾਲੀਆਂ ਸਹੂਲਤ ਦੇ ਰਿਹਾ ਹੈ। ਉਸ ਵਿਰੁੱਧ ਕੋਈ ਕਾਰਵਾਈ ਕਰਨ ਨੂੰ ਤਿਆਰ ਹੀ ਨਹੀਂ ਹੈ, ਆਖਰ ਕਿਉਂ?
ਡੀ. ਸੀ. ਫਿਰੋਜ਼ਪੁਰ ਵੱਲੋਂ 4 ਬਿਲਾਂ ਦੀ ਇਨਕੁਆਰੀ ਕਰਵਾਈ ਗਈ
ਕਿਸਾਨਾਂ ਦੀ ਸਹੂਲਤ ਲਈ ਸਬਸਿਡੀ ਉਤੇ ਦਿੱਤੇ ਜਾਂਦੇ ਖੇਤੀਬਾੜੀ ਸੰਦਾਂ ਵਿਚ ਕਥਿਤ ਧਾਂਦਲੀ ਸਬੰਧੀ ਬਲਾਕ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਖਿਲਾਫ਼ ਸਬੂਤਾਂ ਸਮੇਤ ਇੱਕ ਦਰਖਾਸਤ ਡੀ. ਸੀ. ਫਿਰੋਜ਼ਪੁਰ (D. C. Ferozepur) ਨੂੰ ਦਿੱਤੀ ਗਈ ਸੀ ਕਿ ਇਹ ਖੇਤੀਬਾੜੀ ਅਫਸਰ ਜਾਅਲੀ ਬਿੱਲ ਪਾ-ਪਾ ਕੇ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਚੁਕਿਆ ਹੈ, ਜਿਸ ਵਿਚ ਆਰ. ਟੀ. ਆਈ. ਦੇ ਮਾਰਫਤ ਮੰਗੀ ਗਈ ਜਾਣਕਾਰੀ ਵਿਚੋਂ ਜੋ ਕੁਝ ਸਾਹਮਣੇ ਆਇਆ, ਉਸ ਮੁਤਾਬਕ ਖੇਤੀਬਾੜੀ ਸੰਦਾਂ ਦੀ ਖਰੀਦੋ-ਫਰੋਖਤ ਵਿਚ 12 ਬਿਲਾਂ ਦੀ ਘਪਲੇ ਸਬੰਧੀ ਡੀ. ਸੀ. ਸਾਹਿਬ ਨੂੰ ਜਾਣੂੰ ਕਰਵਾਇਆ ਗਿਆ । ਇਸ ਦੌਰਾਨ ਡੀ. ਸੀ. ਫਿਰੋਜ਼ਪੁਰ ਵੱਲੋਂ 4 ਬਿਲਾਂ ਦੀ ਇਨਕੁਆਰੀ ਕਰਵਾਈ ਗਈ ਜਦਕਿ ਬਾਕੀ 8 ਬਿਲਾਂ ਦੇ ਕਿਸਾਨ, ਜੋ ਬਲਾਕ ਗੁਰੂਹਰਸਹਾਏ ਵਿਚ ਪੈਂਦੇ 44 ਪਿੰਡਾਂ, ਜੋ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਸਨ, ਦੀ ਇਨਕੁਆਰੀ ਅਜੇ ਤੱਕ ਨਹੀਂ ਹੋਈ ।
ਅਫਸਰ ਵੱਲੋਂ ਡੀਲਰਾਂ ਨਾਲ ਮਿਲੀਭੁਗਤ ਕਰਕੇ ਖੇਤੀਬਾੜੀ ਸੰਦਾਂ ਦੀ ਸਬਸਿਡੀ ਉਹਨਾਂ ਦੇ ਖਾਤਿਆਂ ਵਿਚ ਟਰਾਂਸਫਰ ਕਰਕੇ ਕਰੋੜਾਂ ਰੁਪਿਆਂ ਦੀ ਸਬਸਿਡੀ ਦੇ ਰੂਪ ਵਿਚ ਧਾਂਦਲੀ ਕੀਤੀ ਗਈ ਹੈ
ਉਹਨਾਂ ਅੱਗੇ ਦੱਸਿਆ ਕਿ ਐਡੀਸ਼ਨਲ ਚੀਫ ਸੈਕਟਰੀ ਬਸੰਤ ਗਰਗ (Additional Chief Secretary Basant Garg) ਨੇ ਡੀ. ਸੀ. ਸਾਹਿਬ ਵੱਲੋਂ ਕੀਤੀ 4 ਬਿੱਲਾਂ ਦੀ ਇਨਕੁਆਰੀ ਦੇ ਮੱਦੇਨਜ਼ਰ ਉਪਰੋਕਤ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨੂੰ 07.08.2025 ਨੂੰ ਸਸਪੈਂਡ ਕਰ ਦਿੱਤਾ ਹੈ । ਸਾਹਿਬ ਨੇ ਦੱਸਿਆ ਕਿ ਉਕਤ ਅਫਸਰ ਵੱਲੋਂ ਡੀਲਰਾਂ ਨਾਲ ਮਿਲੀਭੁਗਤ ਕਰਕੇ ਖੇਤੀਬਾੜੀ ਸੰਦਾਂ ਦੀ ਸਬਸਿਡੀ ਉਹਨਾਂ ਦੇ ਖਾਤਿਆਂ ਵਿਚ ਟਰਾਂਸਫਰ ਕਰਕੇ ਕਰੋੜਾਂ ਰੁਪਿਆਂ ਦੀ ਸਬਸਿਡੀ ਦੇ ਰੂਪ ਵਿਚ ਧਾਂਦਲੀ ਕੀਤੀ ਗਈ ਹੈ ।
ਇਹ ਅਫਸਰ ਨਾ ਤਾਂ ਅਕਾਲੀ ਸਰਕਾਰ, ਨਾ ਕਾਂਗਰਸ ਸਰਕਾਰ ਦੌਰਾਨ ਕਿਸੇ ਦੇ ਹੱਥ ਆਇਆ
ਵਰਤੇ ਹੋਏ ਖੇਤੀਬਾੜੀ ਸੰਦਾਂ ਨੂੰ ਰੰਗ-ਰੋਗਨ ਕਰਕੇ ਨਵਾਂ ਬਣਾ ਕੇ ਵਾਰ ਵਾਰ ਇਕ ਹੀ ਸੰਦ ਉਤੇ ਜਾਅਲੀ ਬਿੱਲਾਂ ਰਾਹੀਂ ਸਬਸਿਡੀਆਂ ਖਾਣ ਦਾ ਨਜਾਇਜ਼ ਤਰੀਕਾ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ । ਇਹ ਅਫਸਰ ਨਾ ਤਾਂ ਅਕਾਲੀ ਸਰਕਾਰ, ਨਾ ਕਾਂਗਰਸ ਸਰਕਾਰ ਦੌਰਾਨ ਕਿਸੇ ਦੇ ਹੱਥ ਆਇਆ । ਦੂਜੇ ਪਾਸੇ ਸਾਰੇ ਕਿਸਾਨ, ਖੇਤੀਬਾੜੀ ਵਿਭਾਗ ਤੋਂ ਕੋਈ ਵੀ ਸੰਦ ਸਬਸਿਡੀ ਉਤੇ ਨਾ ਲੈਣ ਦੇ ਹਲਫੀਆ ਬਿਆਨ ਦੇਣ ਤੱਕ ਤਿਆਰ ਹਨ । ਉਹਨਾਂ ਦੱਸਿਆ ਕਿ ਉਸ ਵੱਲੋਂ ਜਸਵਿੰਦਰ ਸਿੰਘ ਤੋਂ ਐਸ.ਸੀ. ਕਿਸਾਨਾਂ ਲਈ ਆਈ ਸਬਸਿਡੀ ਬਾਰੇ ਆਰ. ਟੀ. ਆਈ. ਵੀ ਪਾਈ ਸੀ, ਜਿਸ ਦਾ ਕੋਈ ਜਵਾਬ ਦੇਣਾ ਵੀ ਉਕਤ ਅਧਿਕਾਰੀ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ।
ਬੀਤੇ 5 ਸਾਲਾਂ ਤੋਂ ਸਬਸਿਡੀ ਉਤੇ ਆਏ ਸੰਦ ਵੀ ਬਲਾਕ ਵਿਚ ਮੌਜੂਦ ਨਹੀਂ
ਨਾਲ ਹੀ ਉਹਨਾਂ ਸ਼ੱਕ ਜ਼ਾਹਿਰ ਕੀਤਾ ਕਿ ਜਸਵਿੰਦਰ ਸਿੰਘ ਵੱਲੋਂ ਆਪਣੇ ਜੂਨੀਅਰ ਟੈਕਨੀਸ਼ੀਅਨ ਨਾਲ ਮਿਲ ਕੇ ਜਨਰਲ ਵਰਗ ਦੇ ਆਪਣੇ ਚਹੇਤੇ ਕਿਸਾਨਾਂ ਦੇ ਨਕਲੀ ਐਸ. ਸੀ. ਸਰਟੀਫਿਕੇਟ ਬਣਾ ਕੇ ਉਹਨਾਂ ਦੇ ਨਾਮ ਦੀ ਸਬਸਿਡੀ ਵਿਚ ਵੱਡੀ ਹੇਰਾਫੇਰੀ ਕੀਤੀ ਗਈ ਹੈ । ਇਥੇ ਹੀ ਬੱਸ ਨਹੀਂ ਸਗੋਂ ਬੀਤੇ 5 ਸਾਲਾਂ ਤੋਂ ਸਬਸਿਡੀ ਉਤੇ ਆਏ ਸੰਦ ਵੀ ਬਲਾਕ ਵਿਚ ਮੌਜੂਦ ਨਹੀਂ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਖੇਤੀਬਾੜੀ ਸੰਦਾਂ ਵਿਚ ਬੀਤੇ 5 ਸਾਲਾਂ ਵਿਚ ਕਥਿਤ ਵੱਡੀ ਘਪਲੇਬਾਜ਼ੀ ਹੋਈ ਹੈ ।
ਹੈਰਾਨੀਜਨਕ ਗੱਲ ਇਹ ਹੈ ਕਿ ਬਲਾਕ ਗੁਰੂਹਰਸਹਾਏ ਵਿਚ 4 ਜੂਨੀਅਰ ਤਕਨੀਸ਼ੀਅਨ ਕੰਮ ਕਰ ਰਹੇ ਹਨ
ਉਹਨਾਂ ਦੱਸਿਆ ਕਿ ਉਚ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਦਫ਼ਤਰ ਵਿਚ ਜੂਨੀਅਰ ਤਕਨੀਸ਼ੀਅਨ ਦੀ ਕੋਈ ਆਸਾਮੀ ਹੀ ਨਹੀਂ ਅਤੇ ਬਲਾਕ ਵਿਚ ਸਿਰਫ਼ ਇਕ ਹੀ ਜੂਨੀਅਰ ਤਕਨੀਸ਼ੀਅਨ ਕੰਮ ਕਰ ਸਕਦਾ ਹੈ । ਹੈਰਾਨੀਜਨਕ ਗੱਲ ਇਹ ਹੈ ਕਿ ਬਲਾਕ ਗੁਰੂਹਰਸਹਾਏ ਵਿਚ 4 ਜੂਨੀਅਰ ਤਕਨੀਸ਼ੀਅਨ ਕੰਮ ਕਰ ਰਹੇ ਹਨ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਇਹ ਤਕਨੀਸ਼ੀਅਨ, ਬਲਾਕ ਅਫਸਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਕੰਮ ਕਰ ਰਹੇ ਹਨ ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਇਸ ਸਬੰਧੀ ਨਿੱਜੀ ਤੌਰ ਉਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ
ਸਾਹਿਬ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Agriculture Minister Gurmeet Singh Khudian) ਨਾਲ ਇਸ ਸਬੰਧੀ ਨਿੱਜੀ ਤੌਰ ਉਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਉਹਨਾਂ ਕਿਹਾ ਕਿ ਇਸ ਸਬੰਧੀ ਐਸ. ਐਸ. ਪੀ. ਵਿਜੀਲੈਂਸ ਫਿਰੋਜ਼ਪੁਰ ਨੂੰ ਵੀ ਸ਼ਿਕਾਇਤ ਦਰਜ ਕਾਰਵਾਈ ਜਾ ਚੁੱਕੀ ਹੈ । ਫਿਰੋਜ਼ਪੁਰ ਵਾਸੀ ਹੁਣ ਇਨਸਾਫ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਦੇਖ ਰਹੇ ਹਨ ਕਿ ਉਹਨਾਂ ਦੇ ਜ਼ੀਰੋ ਟੌਲਰੈਂਸ ਕੁਰੱਪਸ਼ਨ ਦੇ ਦਾਅਵੇ ਕਿੰਨੇ ਕੁ ਦਰੁਸਤ ਹਨ ।
ਕੀ ਕਹਿਣਾ ਹੈ ਬਲਾਕ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਦਾ :
ਇਸ ਸਬੰਧੀ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਗੁਰੂਹਰਸਹਾਏ ਦੇ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨਾਲ ਪੱਖ ਜਾਣਨ ਲਈ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਕਿ ਉਸ ਨੂੰ ਸਰਕਾਰ ਵੱਲੋਂ ਗਲਤ ਢੰਗ ਨਾਲ ਸਸਪੈਂਡ ਕੀਤਾ ਗਿਆ ਹੈ ਅਤੇ ਉਸ ਨਾਲ ਜ਼ਿਆਦਤੀ ਕੀਤੀ ਗਈ ਹੈ । ਉਸ ਵੱਲੋਂ ਕੋਈ ਵੀ ਪੈਸਾ ਨਹੀਂ ਖਾਧਾ ਗਿਆ ।
Read More : ਖੇਤੀਬਾੜੀ ਮੰਤਰੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਗ਼ੈਰਮਿਆਰੀ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼