ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੀ ਕੰਪਨੀ Being Human ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ ਚੰਡੀਗੜ੍ਹ ਦੇ ਇੱਕ ਵਪਾਰੀ ਨੇ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਲਵੀਰਾ ਖਾਨ ਅਤੇ Being Human ਦੇ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ। ਵਪਾਰੀ ਦਾ ਇਲਜ਼ਾਮ ਹੈ ਕਿ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਵੀ ਕੰਪਨੀ ਦਿੱਲੀ ਤੋਂ ਸਮਾਨ ਨਹੀਂ ਭੇਜ ਰਹੀ ਅਤੇ ਕੰਪਨੀ ਦੀ ਵੈਬਸਾਈਟ ਵੀ ਬੰਦ ਹੈ। ਸ਼ਿਕਾਇਤ ‘ਚ ਵਪਾਰੀ ਨੇ ਕਿਹਾ ਕਿ ਸਲਮਾਨ ਖਾਨ ਦੇ ਕਹਿਣ ‘ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਏਰੀਆ ‘ਚ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ Being Human ਜਿਊਲਰੀ ਦਾ ਸ਼ੋਅਰੂਮਮ ਖੋਲਿਆ ਸੀ।
ਸ਼ੋਅਰੂਮ ਖੁੱਲਵਾਉਣ ਲਈ ਸਟਾਇਲ ਕੁਇੰਟ ਜਿਊਲਰੀ ਪ੍ਰਾਈਵੇਟ ਲਿਮੀਟਿਡ ਨਾਲ ਇੱਕ ਐਗਰੀਮੈਂਟ ਵੀ ਕੀਤਾ। ਇਨ੍ਹਾਂ ਸਾਰਿਆਂ ਨੇ ਸ਼ੋਅਰੂਮ ਤਾਂ ਖੁੱਲ੍ਹਵਾ ਲਿਆ ਪਰ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਨਹੀਂ ਕੀਤੀ। Being Human ਦੀ ਜਿਊਲਰੀ ਜਿਸ ਸਟੋਰ ਤੋਂ ਉਨ੍ਹਾਂ ਨੂੰ ਦੇਣ ਲਈ ਕਿਹਾ ਸੀ, ਉਹ ਬੰਦ ਪਿਆ ਹੈ। ਇਸ ਕਾਰਨ ਉਨ੍ਹਾਂ ਨੂੰ ਸਮਾਨ ਵੀ ਨਹੀਂ ਮਿਲ ਰਿਹਾ ਹੈ। ਵਪਾਰੀ ਦੀ ਸ਼ਿਕਾਇਤ ‘ਤੇ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਲਵੀਰਾ ਖਾਨ ਅਗਨੀਹੋਤਰੀ ਤੋਂ ਇਲਾਵਾ ਕੰਪਨੀ ਦੇ ਕੁਝ ਅਧਿਕਾਰੀਆਂ ਨੂੰ ਪੁਲਿਸ ਨੇ ਸੰਮਨ ਭੇਜੇ ਹਨ, ਜਿਸ ਤੇ 10 ਦਿਨ ‘ਚ ਜਵਾਬ ਦੇਣ ਨੂੰ ਕਿਹਾ ਗਿਆ ਹੈ।
ਦੱਸ ਦਈਏ ਕਿ ਸਲਮਾਨ ਇੱਕ ਚੈਰਿਟੀ ਫਾਊਡੇਸ਼ਨ ਚਲਾਉਂਦੇ ਹਨ ਜਿਸ ਦਾ ਨਾਮ Being Human ਹੈ। ਇਹ ਫਾਊਂਡੇਸ਼ਨ ਅਲੱਗ ਰੈਵੇਨਿਊ ਮਾਡਲ ‘ਤੇ ਕੰਮ ਕਰਦਾ ਹੈ। ਲੋਕਾਂ ਵੱਲੋਂ ਡੋਨੇਸ਼ਨ ਲੈਣ ਦੇ ਬਜਾਏ Being Human ਦੇ ਕੱਪੜੇ ਆਨਲਾਈਨ ਅਤੇ ਸਟੋਰ ‘ਤੇ ਵੇਚ ਕੇ ਪੈਸੇ ਇੱਕਠੇ ਕੀਤੇ ਜਾਂਦੇ ਹਨ। ਸਲਮਾਨ ਜਿਆਦਾਤਰ Being Human ਦੇ ਹੀ ਕੱਪੜਿਆਂ ‘ਚ ਵਿਖਾਈ ਦਿੰਦੇ ਹਨ। ਇੱਥੋਂ ਤੱਕ ਕਿ ਆਪਣੇ ਦੋਸਤਾਂ ਅਤੇ ਕਰੀਬੀਆਂ ਨੂੰ ਵੀ Being Human ਦੇ ਕੱਪੜੇ ਹੀ ਗਿਫਟ ਕਰਦੇ ਹਨ।