
ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ: ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਸੌਂ ਗਿਆ ਪਾਠੀ ਸਿੰਘ
ਜਗਰਾਓਂ, 2 ਮਾਰਚ 2025 – ਪੂਰੀ ਦੁਨੀਆਂ ਵਿੱਚ ਆਸਥਾ ਦਾ ਕੇਂਦਰ ਗੁਰਦੁਆਰਾ ਨਾਨਕਸਰ ਵਿਖੇ ਇੱਕ ਪਾਠੀ ਸਿੰਘ ਵੱਲੋਂ ਇੱਕ ਨਵਾਂ ਹੀ ਕਾਰਨਾਮਾ ਕਰ ਦਿੱਤਾ ਗਿਆ। ਜਦੋਂ ਉਹ ਪਾਠ ਕਰਦੇ ਕਰਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਵਿੱਚ ਬੈਠਾ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੀ ਸਿਰ ਰੱਖ ਕੇ ਸੌਂ ਗਿਆ। ਉਸ ਦੀ ਇਸ ਹਰਕਤ ਨੂੰ ਜਦੋਂ ਦੂਸਰੇ ਪਾਠੀ ਸਿੰਘਾਂ ਨੇ ਦੇਖਿਆ ਤਾਂ ਉਸ ਨੂੰ ਆ ਕੇ ਜਗਾਇਆ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਪਾਠੀ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਵੱਲ ਚਰਨ ਕਰਕੇ ਸੌ ਰਿਹਾ ਹੈ ਅਤੇ ਘੂਰਾੜੇ ਮਾਰ ਰਿਹਾ ਹੈ ਅਤੇ ਦੂਸਰਾ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਹੀ ਆਪਣਾ ਸਿਰ ਰੱਖ ਕੇ ਸੁੱਤਾ ਪਿਆ ਹੈ।
ਇਹ ਵੀ ਪੜ੍ਹੋ: ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਹਰਜੋਤ ਬੈਂਸ
ਇਸ ਮਾਮਲੇ ਦੀ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ। ਜਿਸ ਮੁਤਾਬਕ ਪਤਾ ਲੱਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ ਮਹਿਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਵਿੱਚ ਬੈਠੇ ਪਾਠੀ ਵੱਲੋਂ ਇਹ ਹਰਕਤ ਕੀਤੀ ਗਈ ਹੈ।
ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਪਾਠੀ ਸੌਂ ਰਿਹਾ ਸੀ ਜਾਂ ਕਿਸੇ ਨਸ਼ੇ ਵਿੱਚ ਸੀ ਜਾਂ ਕਿਸੇ ਬਿਮਾਰੀ ਕਾਰਨ ਉਸ ਨੂੰ ਕੋਈ ਚੱਕਰ ਵਗੈਰਾ ਆ ਗਿਆ ਸੀ। ਸਿੱਖ ਸੰਗਤਾਂ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਮਗਰੋਂ ਪ੍ਰੈਸ ਮਿਲਣੀ ਦੌਰਾਨ ਦੱਸਿਆ ਗਿਆ ਕਿ ਪਾਠੀ ਸਿੰਘਾਂ ਦੀ ਇਸ ਹਰਕਤ ਨਾਲ ਉਹਨਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਉਹ ਅਜਿਹੇ ਪਾਠੀ ਸਿੰਘਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ।