ਯੂਕਰੇਨ ਨਾਲ ਜੰਗ ਦਰਮਿਆਨ ਰੂਸ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਫੇਸਬੁੱਕ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ‘ਚ ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਫੇਸਬੁੱਕ ਨੇ ਕ੍ਰੇਮਲਿਨ ਸਮਰਥਿਤ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੇ ਖਿਲਾਫ ਰੂਸ ਤੋਂ ਪ੍ਰਤੀਕਿਰਿਆ ਆਈ ਹੈ।
ਯੂਕਰੇਨ ‘ਤੇ ਰੂਸ ਦੇ ਹਮਲੇ (Ukraine Russia war) ਦਾ ਅੱਜ ਤੀਜਾ ਦਿਨ ਹੈ। ਕੁਝ ਘੰਟੇ ਪਹਿਲਾਂ ਹੀ ਰੂਸੀ ਫੌਜ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਈ ਹੈ। ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਖੁਦ ਕਿਹਾ ਹੈ ਕਿ ਰੂਸੀ ਫੌਜੀ ਚਾਰੇ ਪਾਸਿਓਂ ਕੀਵ ਵਿਚ ਦਾਖਲ ਹੋ ਗਏ ਹਨ।
ਫੌਜ ਨੇ ਕੀਵ ਦੇ ਐਨ ਬਾਹਰਵਾਰ ਰਣਨੀਤਕ ਪੱਖੋਂ ਅਹਿਮ ਹਵਾਈ ਅੱਡੇ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਜਰਮਨੀ ਵਿੱਚ ਪਨਾਹ ਲੈਣ ਦੀਆਂ ਅਪੁਸ਼ਟ ਖ਼ਬਰਾਂ ਦਰਮਿਆਨ ਯੂਕਰੇਨੀ ਸਦਰ ਜ਼ੇਲੈਂਸਕੀ ਨੇ ਸੰਕਲਪ ਲਿਆ ਕਿ ਉਹ ਦੇਸ਼ ਵਿਚ ਹੀ ਰਹਿਣਗੇ।
ਯੂਕਰੇਨ ਨੇ ਕੀਵ ਦੀਆਂ ਸੜਕਾਂ ’ਤੇ ਰੂਸੀ ਫੌਜਾਂ ਦੇ ਮੁਕਾਬਲੇ ਲਈ ਪੂਰੀ ਵਾਹ ਲਾਈ। ਯੂਕਰੇਨੀ ਰੱਖਿਆ ਮੰਤਰਾਲੇ ਨੇ 1000 ਤੋਂ ਵੱਧ ਰੂਸੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਹਮਲੇ ਵਿੱਚ 137 ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ ਦੀ ਜਾਨ ਜਾਂਦੀ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਰੂਸੀ ਹਥਿਆਰਬੰਦ ਬਲਾਂ ਦਾ ਇੰਨਾ (ਜਾਨੀ) ਨੁਕਸਾਨ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ।
ਉਧਰ ਯੂਕਰੇਨ ’ਤੇ ਤਿੰਨ ਪਾਸਿਆਂ ਤੋਂ ਕੀਤੇ ਹਮਲੇ ਪਿੱਛੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨੀ ਫੌਜ ਨੂੰ ਤਖ਼ਤਾ ਪਲਟਣ ਦਾ ਸੱਦਾ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਸੱਤਾ ਫੌਜ ਹੱਥ ਆਉਣ ਨਾਲ ਰੂਸ ਤੇ ਯੂਕਰੇਨ ਬਿਹਤਰ ਤਰੀਕੇ ਨਾਲ ਗੱਲਬਾਤ ਕਰ ਸਕਣਗੇ।