ਚੰਡੀਗੜ੍ਹ, 29 ਅਗਸਤ 2025 : ਪੰਜਾਬ ਰਾਜ ਸੂਚਨਾ ਕਮਿਸ਼ਨ (Punjab State Information Commission) ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਇਕ ਵਿਅਕਤੀ ਵਲੋਂ ਆਰ.ਟੀ.ਆਈ.ਐਕਟ ਅਧੀਨ ਦਾਇਰ 175 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ।
ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ (Commissioner Sandeep Singh Dhaliwal) ਦੇ ਬੈਂਚ ਕੋਲ ਲੁਧਿਆਣਾ ਦੇ ਡਾਬਾ-ਲੋਹਾਰਾ ਮਾਰਗ ਸਥਿਤ ਮਹਾ ਸਿੰਘ ਨਗਰ ਨਿਵਾਸੀ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਮਾਮਲੇ ਅਗਸਤ ਮਹੀਨੇ ਦੀਆਂ ਵੱਖ ਵੱਖ ਤਰੀਕਾਂ ਨੂੰ ਸੁਣਵਾਈ ਲਈ ਲੱਗੇ ਸਨ। ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਕੇਸਾਂ ਵਿਚੋਂ 5 ਅਗਸਤ 2025 ਨੂੰ 36 ਕੇਸ,6 ਅਗਸਤ 2025 ਨੂੰ 26 ਅਤੇ 7 ਅਗਸਤ 2025 ਨੂੰ 35 ਕੇਸ,19 ਅਗਸਤ 2025 ਨੂੰ 30 ਕੇਸ, 20 ਅਗਸਤ 2025 ਨੂੰ 26 ਸੁਣਵਾਈ ਲਈ ਲੱਗੇ ਸਨ, ਜਿਨ੍ਹਾਂ ਵਿੱਚ ਸਬੰਧਤ ਧਿਰਾਂ ਜਾਣਕਾਰੀ ਸਮੇਤ ਹਾਜ਼ਰ ਸਨ ਅਤੇ ਕਮਿਸ਼ਨਰ ਵਲੋਂ ਸਾਰੇ ਕੇਸ ਇਕੱਲੇ ਇਕੱਲੇ ਸੁਣੇ ਗਏ ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਮੁਦਈ ਸਰਬਜੀਤ ਸਿੰਘ ਗਿੱਲ ਪੇਸ਼ ਨਹੀਂ ਹੋਇਆ ਜਿਸ ‘ਤੇ ਕਮਿਸ਼ਨ ਵਲੋਂ ਮੁਦਈ ਨੂੰ ਆਪਣਾ ਪੱਖ ਰੱਖਣ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਪ੍ਰੰਤੂ ਮੁਦਈ ਨੇ ਇਸ ਸਮੇਂ ਵਿੱਚ ਵੀ ਆਪਣਾ ਪੱਖ ਪੇਸ਼ ਨਹੀਂ ਕੀਤਾ । ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਇਨ੍ਹਾਂ ਮਾਮਲਿਆਂ ਦੀ 20 ਅਗਸਤ ਅਤੇ 28 ਅਗਸਤ 2025 ਨੂੰ ਮੁੜ ਸੁਣਵਾਈ ਕੀਤੀ ਗਈ ਤਾਂ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਕੇਸਾਂ ਦਾ ਨਿਪਟਾਰਾ (Disposal of 175 cases) ਕਰ ਦਿੱਤਾ ਗਿਆ ।
ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਕੇਸਾਂ ਵਿੱਚ ਲਗਾਤਾਰ ਗੈਰਹਾਜ਼ਰੀ ਕਾਰਨ ਕਮਿਸ਼ਨ ਦੇ ਸਮੇਂ ਅਤੇ ਸਰੋਤਾਂ ਦੀ ਕਾਫ਼ੀ ਬਰਬਾਦੀ ਹੋਈ ਹੈ ਅਤੇ ਵਾਰ-ਵਾਰ ਸੁਣਵਾਈਆਂ ਵਿੱਚ ਹਾਜ਼ਰ ਹੋ ਕੇ ਜਵਾਬ ਦਾਇਰ ਕਰਨ ਵਾਲੀਆਂ ਸਰਕਾਰੀ ਅਥਾਰਟੀਆਂ ਦੇ ਅਧਿਕਾਰਤ ਕੰਮਕਾਜ ਵਿੱਚ ਬੇਲੋੜਾ ਵਿਘਨ ਪਿਆ ਹੈ ।
ਅਜਿਹਾ ਵਤੀਰਾ ਨਾ ਸਿਰਫ਼ ਮੁਕੱਦਮੇਬਾਜ਼ਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਲੰਬਿਤ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਸਬੰਧੀ ਕਮਿਸ਼ਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ।ਕਮਿਸ਼ਨ ਨੇ ਕਿਹਾ ਹੈ ਕਿ ਲੰਬਿਤ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਫਜ਼ੂਲ, ਵਾਰ-ਵਾਰ ਹੋਣ ਵਾਲੀ ਮੁਕੱਦਮੇਬਾਜ਼ੀ ਲਈ ਜਨਤਕ ਸਰੋਤਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ, ਇਸ ਲਈ ਮੁਕੱਦਮਾ ਨਾ ਚਲਾਉਣ ਕਾਰਨ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਸਰਬਜੀਤ ਸਿੰਘ ਗਿੱਲ (Sarabjit Singh Gill) ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਚੀਫ਼ ਇਨਫੋਰਮੇਸ਼ਨ ਕਮਿਸ਼ਨਰ ਵੱਲੋਂ 25 ਫਰਵਰੀ 2025 ਨੂੰ ਆਰ. ਟੀ. ਆਈ. ਐਕਟ ਦੀ ਦੁਰਵਰਤੋ ਕਰਨ ਦੇ ਦੋਸ਼ ਵਿਚ ਬਲੈਕਲਿਸਟ ਕੀਤਾ ਗਿਆ ਸੀ ।
Read More : ਪੰਜਾਬ ਦੇ 3 ਨਵੇਂ ਸੂਚਨਾ ਕਮਿਸ਼ਨਰ ਨਿਯੁਕਤ, ਰਾਜ ਭਵਨ ‘ਚ ਹੋਵੇਗਾ ਸਹੁੰ ਚੁੱਕ ਸਮਾਗਮ