ਆਰ. ਟੀ. ਆਈ. ਕਾਰਕੁਨ ਨੂੰ ਰਿਸ਼ਵਤ ਲੈਂਦੇ ਹੋਏ ਕੀਤਾ ਰੰਗੇ ਹੱਥੀਂ ਗ੍ਰਿਫ਼ਤਾਰ

0
20
Vizilence

ਚੰਡੀਗੜ੍ਹ, 5 ਸਤੰਬਰ, 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਨਗਰ ਨਿਗਮ (ਐਮ. ਸੀ.) ਅੰਮ੍ਰਿਤਸਰ ਦੀ ਟਾਊਨ ਪਲਾਨਿੰਗ ਸ਼ਾਖਾ ਵਿੱਚ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਜਾਰੀ ਕਰਨ ਅਤੇ ਇਮਾਰਤੀ ਯੋਜਨਾਵਾਂ ਦੀ ਪ੍ਰਵਾਨਗੀ ਨਾਲ ਜੁੜੇ ਇੱਕ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕੀਤਾ ਹੈ । ਬਿਊਰੋ ਨੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਨਿਵਾਸੀ ਇੱਕ ਆਰ. ਟੀ. ਆਈ. ਕਾਰਕੁਨ (R. T. I. activist) ਸੁਰੇਸ਼ ਕੁਮਾਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਐਮ. ਟੀ. ਪੀ. ਅਧਿਕਾਰੀਆਂ ਲਈ ਏਜੰਟ ਵਜੋਂ ਕੰਮ ਕਰ ਰਿਹਾ ਸੀ ਅਤੇ ਬਿਨੈਕਾਰਾਂ ਤੋਂ ਪੈਸੇ ਵਸੂਲਣ ਲਈ ਆਰ. ਟੀ. ਆਈ. ਅਰਜ਼ੀਆਂ ਦਾਇਰ ਕਰਕੇ ਅਤੇ ਫਿਰ ਐਮਸੀ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਉਨ੍ਹਾਂ ਨੂੰ ਵਾਪਸ ਲੈ ਕੇ ਪੈਸੇ ਉਗਰਾਹੁੰਦਾ ਸੀ ।

ਨਗਰ ਯੋਜਨਾਕਾਰ ਅਧਿਕਾਰੀਆਂ ਤੇ ਏਜੰਟਾਂ ਨਾਲ ਮਿਲੀਭੁਗਤ ਰਾਹੀਂ ਇਮਾਰਤੀ ਯੋਜਨਾ ਮਨਜ਼ੂਰੀਆਂ ਤੇ ਐਨ. ਓ. ਸੀ. ਦੇਣ ਚ ਨਾਪਾਕ ਗੱਠਜੋੜ ਦਾ ਵਿਜੀਲੈਂਸ ਬਿਊਰੋ ਨੇ ਕੀਤਾ ਪਰਦਾਫਾਸ਼

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਰੇਲਵੇ ਲਿੰਕ ਰੋਡ, ਅੰਮ੍ਰਿਤਸਰ ਵਿਖੇ ਇੱਕ ਮੌਜੂਦਾ ਢਾਂਚੇ ਨੂੰ ਢਾਹ ਕੇ ਇੱਕ ਦੁਕਾਨ ਬਣਾਈ ਸੀ ਅਤੇ ਐਮ. ਸੀ. ਅੰਮ੍ਰਿਤਸਰ ਦੀ ਐਮ. ਟੀ. ਪੀ. ਸ਼ਾਖਾ ਤੋਂ ਇੱਕ ਮੰਜ਼ਿਲ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਸੀ । ਵਾਧੂ ਉਸਾਰੀ ਲਈ ਹੁਣ ਉਸਨੇ ਐਮ. ਟੀ. ਪੀ. ਅਧਿਕਾਰੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸਨੂੰ ਇੱਕ ਸੋਧਿਆ ਹੋਇਆ ਪਲਾਨ ਜਮ੍ਹਾ ਕਰਨ ਦੀ ਸਲਾਹ ਦਿੱਤੀ ਪਰ ਏ. ਟੀ. ਪੀ. ਪਰਮਿੰਦਰ ਸਿੰਘ ਦੁਆਰਾ ਉਸ ਵੱਲੋਂ ਦਾਇਰ ਯੋਜਨਾ ਨੂੰ ਦੋ ਵਾਰ ਇਸ ਬਹਾਨੇ ਰੱਦ ਕਰ ਦਿੱਤਾ ਗਿਆ ਕਿ ਉਕਤ ਸੁਰੇਸ਼ ਕੁਮਾਰ ਸ਼ਰਮਾ ਨੇ ਉਸਦੇ ਪ੍ਰੋਜੈਕਟ ਵਿਰੁੱਧ ਵੱਖ-ਵੱਖ ਨਾਵਾਂ ਹੇਠ ਆਰਟੀਆਈ ਅਰਜ਼ੀਆਂ ਦਾਇਰ ਕੀਤੀਆਂ ਸਨ । ਇਸ ਏ. ਟੀ. ਪੀ. ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਉਹ ਆਪਣੀ ਫਾਈਲ ਕਲੀਅਰ ਕਰਨਾ ਚਾਹੁੰਦਾ ਹੈ ਤਾਂ ਸੁਰੇਸ਼ ਸ਼ਰਮਾ ਨਾਲ ਸੰਪਰਕ ਕਰਨ ਲਈ ਕਿਹਾ ।

ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਪਹਿਲਾਂ ਇਹ ਸ਼ਿਕਾਇਤਾਂ ਵਾਪਸ ਲੈਣ (Withdrawing complaints) ਲਈ 7 ਲੱਖ ਰੁਪਏ ਦੀ ਮੰਗ ਕੀਤੀ ਪਰ ਉਸ ਵੱਲੋਂ ਮਨਾਉਣ ਤੋਂ ਬਾਅਦ ਸੌਦਾ 4 ਲੱਖ ਰੁਪਏ ਵਿੱਚ ਤੈਅ ਹੋ ਗਿਆ । ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਕਤ ਮੁਲਜ਼ਮ ਨੂੰ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ । ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Read More : ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ 37 ਦਿਨਾਂ ਬਾਅਦ ਹਟਾਇਆ, ਜਾਣੋ ਕਿਉਂ

LEAVE A REPLY

Please enter your comment!
Please enter your name here