ਰਵਨੀਤ ਬਿੱਟੂ ਨੇ ਭਾਜਪਾ ਆਗੂਆਂ ਨਾਲ ਲਗਾਇਆ ਧਰਨਾ ਕੀਤਾ ਸਮਾਪਤ, ਜਾਣੋ ਪੂਰਾ ਮਾਮਲਾ
ਲੁਧਿਆਣਾ : ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਸ਼ਰਾਬ ਅਤੇ ਰਾਸ਼ਨ ਦੀ ਵੰਡਣ ਦੇ ਮਾਮਲੇ ਦੇ ਸੰਬੰਧ ‘ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਮੂਹ ਲੀਡਰਸ਼ਿਪ ਨਾਲ ਲਗਾਇਆ ਧਰਨਾ ਸਮਾਪਤ ਕਰ ਦਿੱਤਾ ਹੈ। ਇਸ ਦੌਰਾਨ ਪੁਲਸ ਨੇ ਹਿਰਾਸਤ ‘ਚ ਲਏ ਭਾਜਪਾ ਨੇਤਾਵਾਂ ਨੂੰ ਵੀ ਰਿਹਾਅ ਕਰ ਦਿੱਤਾ ਹੈ।
ਬਿੱਟੂ ਨੇ ਭਾਜਪਾ ਆਗੂਆਂ ਦੀ ਰਿਹਾਈ ਦੀ ਕੀਤੀ ਸੀ ਮੰਗ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਭਾਜਪਾ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਸਾਡੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਗਿਰਫਤਾਰੀਆਂ ਦੇਣ ਲਈ ਤਿਆਰ ਹਨ। ਇਸ ਮਾਮਲੇ ਵਿੱਚ ਭਾਜਪਾ ਉਮੀਦਵਾਰ ਦੇ ਪਤੀ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਸੀ।
ਦੱਸ ਦਈਏ ਕਿ ‘ਆਪ’ ਵਰਕਰਾਂ ਨੇ ਦੋਸ਼ ਲਾਇਆ ਕਿ ਭਾਜਪਾ ਉਮੀਦਵਾਰ ਦਾ ਪਤੀ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਵੀ ਪ੍ਰਚਾਰ ਵਿੱਚ ਰੁੱਝਿਆ ਹੋਇਆ ਹੈ ਅਤੇ ਢਾਬੇ ’ਤੇ ਲੋਕਾਂ ਨੂੰ ਸ਼ਰਾਬ ਵੰਡ ਰਿਹਾ ਹੈ। ਇਸ ‘ਤੇ ਭਾਜਪਾ ਉਮੀਦਵਾਰ ਦੇ ਪਤੀ ਨੇ ਕਿਹਾ ਸੀ ਕਿ ਉਹ ਪਰਿਵਾਰ ਸਮੇਤ ਢਾਬੇ ‘ਤੇ ਖਾਣਾ ਖਾਣ ਗਿਆ ਸੀ। ਵਧਦਾ ਹੰਗਾਮਾ ਦੇਖ ਕੇ ਭਾਜਪਾ ਆਗੂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਕੇ ‘ਤੇ ਪਹੁੰਚ ਗਏ ਸਨ। ‘ਆਪ’ ਵਰਕਰਾਂ ਨੇ ਉਨ੍ਹਾਂ ਨੂੰ ਵੀ ਘੇਰ ਲਿਆ ਅਤੇ ਕਾਫੀ ਨਾਅਰੇਬਾਜ਼ੀ ਕੀਤੀ। ਇੱਥੇ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਕੇ ‘ਤੇ ਪਹੁੰਚੇ ਅਤੇ ਤਕਰਾਰ ਵੱਧ ਗਈ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆ ਅਤੇ ਮਾਹੌਲ ਨੂੰ ਸ਼ਾਂਤ ਕੀਤਾ।