ਭਾਰਤ ਸਰਕਾਰ ਨੇ ਨਵੇਂ ਜਲ ਸੈਨਾ ਮੁਖੀ ਦਾ ਐਲਾਨ ਕਰ ਦਿੱਤਾ ਹੈ। ਹੁਣ ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਹੋਣਗੇ। ਆਰ ਹਰੀ ਕੁਮਾਰ ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਥਾਂ ਲੈਣਗੇ, ਜੋ ਇਸ ਮਹੀਨੇ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹਰੀ ਕੁਮਾਰ ਇਸ ਸਮੇਂ ਜਲ ਸੈਨਾ ਦੀ ਪੱਛਮੀ ਕਮਾਂਡ ਦੇ ਕਮਾਂਡਿੰਗ-ਐਨ-ਚੀਫ਼ ਵਜੋਂ ਸੇਵਾ ਨਿਭਾਅ ਰਹੇ ਹਨ।
ਸਰਕਾਰ ਵੱਲੋਂ ਮੰਗਲਵਾਰ ਦੇਰ ਸ਼ਾਮ 25ਵੇਂ ਜਲ ਸੈਨਾ ਮੁਖੀ ਦਾ ਐਲਾਨ ਕੀਤਾ ਗਿਆ। ਰੱਖਿਆ ਮੰਤਰਾਲੇ ਦੇ ਅਨੁਸਾਰ, ਆਰ ਹਰੀ ਕੁਮਾਰ, ਜਲ ਸੈਨਾ ਦੀ ਪੱਛਮੀ ਕਮਾਨ, ਮੁੰਬਈ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ 30 ਨਵੰਬਰ ਦੀ ਦੁਪਹਿਰ ਤੋਂ ਭਾਰਤੀ ਜਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ।
ਨਵੇਂ ਬਣੇ ਮੁੱਖੀ ਹਰੀ ਕੁਮਾਰ ਦਾ ਜਨਮ 1962 ਵਿੱਚ ਹੋਇਆ ਸੀ ਅਤੇ ਉਹ 1983 ਵਿੱਚ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। ਆਪਣੇ 38 ਸਾਲ ਦੇ ਲੰਬੇ ਕਰੀਅਰ ‘ਚ ਉਨ੍ਹਾਂ ਨੇ ਭਾਰਤੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਰਾਟ ਦੀ ਕਮਾਂਡਿੰਗ ਅਫਸਰ (ਸੀਓ) ਦੇ ਰੈਂਕ ਸਮੇਤ ਜੰਗੀ ਬੇੜੇ ਆਈਐਨਐਸ ਕੋਰਾ, ਨਿਸ਼ੰਕ ਅਤੇ ਰਣਵੀਰ ਦੀ ਕਮਾਂਡ ਕੀਤੀ ਹੈ।
ਉਨ੍ਹਾਂ ਨੇ ਨੇਵੀ ਦੀ ਪੱਛਮੀ ਕਮਾਂਡ ਦੇ ਜੰਗੀ ਬੇੜੇ ਦੇ ਫਲੀਟ ਆਪਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ ਹੈ। ਪੱਛਮੀ ਕਮਾਂਡ ਦੇ ਸੀਐਨਸੀ ਦੇ ਅਹੁਦੇ ਤੋਂ ਪਹਿਲਾਂ, ਹਰੀ ਕੁਮਾਰ ਦਿੱਲੀ ਵਿੱਚ ਸੀਡੀਐਸ ਜਨਰਲ ਬਿਿਪਨ ਰਾਵਤ ਦੇ ਅਧੀਨ ਇੰਟੈਗਰੇਟਿਡ ਡਿਫੈਂਸ ਸਟਾਫ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ।