ਚੰਡੀਗੜ੍ਹ, 24 ਮਾਰਚ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ (24 ਮਾਰਚ) ਦੂਜਾ ਦਿਨ ਹੈ। ਇਸ ਦੌਰਾਨ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਹੋਵੇਗੀ, ਪਰ ਸੈਸ਼ਨ ਹੰਗਾਮੇ ਵਾਲੇ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਕਿਸਾਨਾਂ ਦੇ ਮੁੱਦੇ ਅਤੇ ਪਟਿਆਲਾ ਵਿੱਚ ਫੌਜ ਦੇ ਕਰਨਲ ‘ਤੇ ਹੋਏ ਹਮਲੇ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ।
ਇਹ ਵੀ ਪੜੋ: ਦੇਸ਼ ਦੇ ਇਨ੍ਹਾਂ ਸੂਬਿਆਂ ਚ ਅਗਲੇ ਪੰਜ ਦਿਨ ਭਾਰੀ ਮੀਂਹ-ਤੂਫਾਨ ਦੀ ਸੰਭਾਵਨਾ, ਅਲਰਟ ਹੋਇਆ ਜਾਰੀ
ਦੱਸ ਦਈਏ ਕਿ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਧਿਆਨ ਦਿਵਾਊ ਮਤੇ ਤਹਿਤ ਅੰਮ੍ਰਿਤਸਰ ਉੱਤਰੀ ਹਲਕੇ ਦੀਆਂ 12 ਪੰਚਾਇਤਾਂ ਵਿੱਚ ਸ਼ਹਿਰੀ ਸਹੂਲਤਾਂ ਦੀ ਤਰਸਯੋਗ ਹਾਲਤ ਦਾ ਮੁੱਦਾ ਉਠਾਉਣਗੇ। ਇਸ ਤੋਂ ਇਲਾਵਾ ਵਪਾਰਕ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਕਿਉਂਕਿ ਅੱਜ ਵੀ ਵਿਰੋਧੀ ਧਿਰ ਕਿਸਾਨਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ ਜਾਵੇਗਾ।
ਰਾਜਪਾਲ ਦੇ ਭਾਸ਼ਣ ਦਾ ਬਾਈਕਾਟ
ਇਸ ਤੋਂ ਪਹਿਲਾ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਅਤੇ ਕਰਨਲ ‘ਤੇ ਹਮਲੇ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹੰਗਾਮਾ ਕੀਤਾ ਗਿਆ। ਕਾਂਗਰਸ ਨੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਹਾਲਾਂਕਿ ਕਰਨਲ ਨਾਲ ਸਬੰਧਤ ਮਾਮਲਾ ਸਦਨ ਵਿੱਚ ਉਠਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਨਵੀਂ ਐਫਆਈਆਰ ਦਰਜ ਕੀਤੀ ਸੀ ਜਿਸ ਵਿੱਚ ਮੁਲਜ਼ਮ ਪੁਲੀਸ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ।