ਧੁੰਦ ਕਾਰਨ ਵਾਪਰਿਆ ਵੱਡਾ ਸੜਕ ਹਾਦਸਾ, 7 ਵਾਹਨ ਟਕਰਾਏ
ਨਵਾਂਸ਼ਹਿਰ ‘ਚ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰਿਆ ਹੈ। ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਪਿੰਡ ਭਰਥਲਾਂ (ਕਿਸ਼ਨਪੁਰ) ਨੇੜੇ ਸੰਘਣੀ ਧੁੰਦ ‘ਚ 7 ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ਚਾਲਕ ਜ਼ਖਮੀ ਹੋ ਗਿਆ, ਜਦਕਿ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਐੱਫ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੁੱਧ ਦਾ ਟੈਂਕਰ ਬਲਾਚੌਰ ਵੱਲ ਮੁੜ ਰਿਹਾ ਸੀ। ਇਸ ਦੌਰਾਨ ਬਲਾਚੌਰ ਵੱਲੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਧੁੰਦ ਕਾਰਨ ਟੈਂਕਰ ਨਾਲ ਟਕਰਾ ਗਈ। ਪ੍ਰੀਤਪਾਲ ਸਿੰਘ ਆਪਣੀ ਪਤਨੀ ਨਾਲ ਕਾਰ ਵਿੱਚ ਰੋਪੜ ਜਾ ਰਿਹਾ ਸੀ।
ਇਸ ਤੋਂ ਬਾਅਦ ਮਹਿੰਦਰਾ ਪਿਕਅੱਪ, ਹੁੰਡਈ ਵਰਨਾ ਕਾਰ ਅਤੇ ਇਕ ਤੋਂ ਬਾਅਦ ਇਕ ਗੱਡੀਆਂ ਟਕਰਾ ਗਈਆਂ। ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਾਰੇ ਵਾਹਨਾਂ ਨੂੰ ਸੜਕ ਤੋਂ ਸਾਈਡ ਲਿਆਂਦਾ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।