ਪੰਜਾਬ ਪੁਲਸ ਨੇ ਬੀ. ਕੇ. ਆਈ. ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ

0
4
DGP

ਚੰਡੀਗੜ੍ਹ/ਬਟਾਲਾ, 25 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਬਟਾਲਾ ਪੁਲਸ ਨੇ ਪਾਕਿ-ਆਈ. ਐਸ. ਆਈ. ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਚਾਰ ਐਸ. ਪੀ. ਐਲ. ਐਚ. ਜੀ. ਆਰ.-84 ਹੈਂਡ ਗ੍ਰਨੇਡ (ਜਿਸਨੂੰ ਆਰਗੇਸ ਐਚ. ਜੀ.-.84 ਵੀ ਕਿਹਾ ਜਾਂਦਾ ਹੈ) ਅਤੇ ਇੱਕ ਕਾਲੇ ਧਾਤੂ ਦੇ ਡੱਬੇ ਵਿੱਚ ਪੈਕ ਆਰਡੀਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) – ਜਿਸ ਦਾ ਭਾਰ ਲਗਭਗ 2 ਕਿਲੋਗ੍ਰਾਮ ਹੈ ਨੂੰ ਅੰਮ੍ਰਿਤਸਰ ਵੱਲ ਜਾਣ ਵਾਲੀ ਸੜਕ ਦੇ ਨੇੜੇ ਝਾੜੀਆਂ ਵਿੱਚੋਂ ਬਰਾਮਦ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ । ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇੱਕ ਬਾਓਫੇਂਗ ਡਿਊਲ-ਬੈਂਡ ਐਫਐਮ ਟ੍ਰਾਂਸਸੀਵਰ ਸੈੱਟ, ਇੱਕ ਡੀ-ਆਕਾਰ ਵਾਲਾ ਹੈੱਡਸੈੱਟ ਜੋ ਆਮ ਤੌਰ ‘ਤੇ ਵਾਕੀ-ਟਾਕੀ ਨਾਲ ਵਰਤਿਆ ਜਾਂਦਾ ਹੈ, ਸਮੇਤ ਹੋਰ ਉਪਕਰਣ ਵੀ ਬਰਾਮਦ ਕੀਤੇ ਹਨ ।

ਬਟਾਲਾ ਤੋਂ ਚਾਰ ਹੈਂਡ-ਗ੍ਰੇਨੇਡ, 2 ਕਿਲੋਗ੍ਰਾਮ ਆਰ. ਡੀ. ਐਕਸ-ਅਧਾਰਤ ਆਈ. ਈ. ਡੀ. ਬਰਾਮਦ

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਯੂਕੇ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ, ਜੋ ਕਿ ਪਾਕਿ ਆਈਐਸਆਈ ਹਮਾਇਤ ਪ੍ਰਾਪਤ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ, ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ । ਡੀ. ਜੀ. ਪੀ. ਨੇ ਦੱਸਿਆ ਕਿ ਇੱਕ ਦੋਸ਼ੀ, ਜਿਸਦੀ ਪਛਾਣ ਰਵਿੰਦਰ ਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਪੂਰੀਆ ਕਲਾਂ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇੱਕ ਹੋਰ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਸ ਟੀਮਾਂ ਵੱਲੋਂ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਜਾਂਚ ਮੁਤਾਬਿਕ ਇਹ ਖੇਪ ਯੂ. ਕੇ.-ਅਧਾਰਤ ਬੀ. ਕੇ. ਆਈ. ਅੱਤਵਾਦੀ ਨਿਸ਼ਾਨ ਜੋਡੀਆ ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ : ਡੀ. ਜੀ. ਪੀ. ਗੌਰਵ ਯਾਦਵ

ਉਨ੍ਹਾਂ ਅੱਗੇ ਦੱਸਿਆ ਕਿ ਸਰਹੱਦ ਪਾਰੋਂ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ ।
ਹੋਰ ਵੇਰਵੇ ਸਾਂਝੇ ਕਰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗੈਂਗਸਟਰ-ਅੱਤਵਾਦੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ, ਜਿਸਨੇ ਵਿਸਫੋਟਕ ਛੁਪਾਉਣ ਅਤੇ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਸੀ, ਦੇ ਨਿਰਦੇਸ਼ਾਂ ‘ਤੇ ਇੱਕ ਡੈੱਡ ਲੈਟਰਬਾਕਸ ਤਕਨੀਕ ਜ਼ਰੀਏ ਖੇਪ ਇਕੱਠੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਖੇਪ ਦੀ ਬਰਾਮਦਗੀ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਦੇ ਉਦੇਸ਼ ਨਾਲ ਸਰਹੱਦ ਪਾਰੋਂ ਰਚੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ।

ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ; ਦੂਜੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ: ਡੀਜੀਪੀ ਪੰਜਾਬ

ਐਸ. ਐਸ. ਪੀ. ਨੇ ਦੱਸਿਆ ਕਿ ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ, ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਅਤੇ ਬਰਮਿੰਘਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ।

ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਐਸਐਸਪੀ ਸੁਹੇਲ ਕਾਸਿਮ ਮੀਰ

ਇਸ ਸਬੰਧੀ, ਐਫ. ਆਈ. ਆਰ. ਨੰਬਰ 129 ਮਿਤੀ 21.08.2025 ਨੂੰ ਥਾਣਾ ਸਦਰ ਬਟਾਲਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜਿਵੇਂ ਜਿਵੇਂ ਅੱਤਵਾਦੀ ਨੈੱਟਵਰਕਾਂ ਦੀ ਸ਼ਮੂਲੀਅਤ ਸਪੱਸ਼ਟ ਹੁੰਦੀ ਗਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਸੰਬੰਧਿਤ ਧਾਰਾਵਾਂ ਵੀ ਕੇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ।

Read More : ਡੀ. ਜੀ. ਪੀ. ਨੇ ਕੀਤੀ ਯੁੱਧ ਨਸ਼ਿਆਂ ਵਿਰੁੱਧ-ਕਾਨੂੰਨ-ਵਿਵਸਥਾ ਮੀਟਿੰਗ ਦੀ ਪ੍ਰਧਾਨਗੀ

LEAVE A REPLY

Please enter your comment!
Please enter your name here