ਗੁਰਦਾਸਪੁਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਾਸੂਸੀ ਵਿਰੋਧੀ ਓਪਰੇਸ਼ਨ ਦੌਰਾਨ, ਰਾਸ਼ਟਰ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ, ਜੋ ਸੈਨਿਕ ਜਾਣਕਾਰੀ ਲੀਕ ਕਰਨ ਵਿੱਚ ਸ਼ਾਮਲ ਸਨ।
ਪੰਜਾਬ ਡੀਜੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1″5 ਮਈ 2025 ਨੂੰ ਪ੍ਰਾਪਤ ਭਰੋਸੇਯੋਗ ਖ਼ੁਫੀਆ ਜਾਣਕਾਰੀ ਅਨੁਸਾਰ, ਸੁਖਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ ਓਪ੍ਰੇਸ਼ਨ ਸਿੰਦੂਰ ਸਬੰਧੀ ਗੁਪਤ ਜਾਣਕਾਰੀ — ਜਿਵੇਂ ਕਿ ਫੌਜੀ ਹਲਚਲ ਅਤੇ ਸਟ੍ਰੈਟਜਿਕ ਥਾਵਾਂ (ਜੋ ਕਿ ਪੰਜਾਬ , ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਸਨ) — ਪਾਕਿਸਤਾਨ ਦੀ ਖ਼ੁਫੀਆ ਏਜੰਸੀ ISI ਨੂੰ ਸੌਂਪਣ ਵਿੱਚ ਸ਼ਾਮਲ ਸਨ। ਪੰਜਾਬ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ, ਦੋਵੇਂ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਤੋਂ ਖ਼ੁਫੀਆ ਜਾਣਕਾਰੀ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕੋਲੋਂ 3 ਮੋਬਾਈਲ ਫੋਨ ਅਤੇ 8 ਜਿੰਦਾ ਕਾਰਤੂਸ (.30 ਬੋਰ) ਵੀ ਬਰਾਮਦ ਕੀਤੇ ਗਏ ਹਨ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਿੱਧੇ ISI ਦੇ ਹੈਂਡਲਰਾਂ ਨਾਲ ਸੰਪਰਕ ਵਿੱਚ ਸਨ ਅਤੇ ਭਾਰਤੀ ਸੈਨਾ ਸਬੰਧੀ ਗੁਪਤ ਜਾਣਕਾਰੀ ਭੇਜ ਚੁੱਕੇ ਸਨ। ਇਸ ਸਬੰਧੀ ਥਾਣਾ ਦੋਰੰਗਲਾ ‘ਚ Official Secrets Act ਹੇਠ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸਿਆਂ ਦੀ ਉਮੀਦ ਹੈ। ਪੰਜਾਬ ਪੁਲਿਸ ਭਾਰਤੀ ਸੈਨਾ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਵਚਨਬੱਧ ਹੈ। ਰਾਸ਼ਟਰ ਦੀ ਸੁਰੱਖਿਆ ਨੂੰ ਠੇਸ ਪਹੁੰਚਾਉਣ ਵਾਲੀ ਹਰ ਕੋਸ਼ਿਸ਼ ਦਾ ਮੁਹ ਤੋੜ ਜਵਾਬ ਦਿੱਤਾ ਜਾਵੇਗਾ।”