ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ‘ਪਹਿਲੀ ਵਾਰ’ ਸਿਰਲੇਖ ਅਧੀਨ ਕਵੀ ਦਰਬਾਰ’

0
13
Language Department

ਪਟਿਆਲਾ 20 ਅਗਸਤ 2025 : ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ (Language Department) ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ‘ਪਹਿਲੀ ਵਾਰ’ ਸਿਰਲੇਖ ਅਧੀਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਕਵੀ ਤੇ ਚਿੰਤਕ ਪ੍ਰੋ. ਰਵਿੰਦਰ ਭੱਠਲ ਨੇ ਕੀਤੀ ।

ਡਾ. ਅਮਰਜੀਤ ਕੌਂਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ’ਚ ਸ਼ਿਰਕਤ ਕੀਤੀ

ਨਾਮਵਰ ਗ਼ਜ਼ਲਗੋ ਤੇ ਨਾਵਲਕਾਰ ਬੂਟਾ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਕਵੀ ਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ’ਚ ਸ਼ਿਰਕਤ ਕੀਤੀ । ਕਵੀ ਦਰਬਾਰ (Poet’s Court) ਦੌਰਾਨ ਦਰਜਨ ਤੋਂ ਵਧੇਰੇ ਕਵੀਆਂ ਨੇ ਵੱਖ-ਵੱਖ ਕਾਵਿ ਵੰਨਗੀਆਂ ਰਾਹੀਂ ਕਵੀ ਦਰਬਾਰ ਨੂੰ ਯਾਦਗਾਰੀ ਬਣਾ ਦਿੱਤਾ । ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਪ੍ਰਧਾਨਗੀ ਮੰਡਲ ਤੇ ਕਵੀਆਂ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਸਾਹਿਤਕ ਸਰਗਰਮੀਆਂ ਦਾ ਆਲੇਖ ਕੀਤਾ ।

ਉਨ੍ਹਾਂ ਦੱਸਿਆ ਕਿ ਕਵੀ ਦਰਬਾਰ ਦੌਰਾਨ ਬਹੁਤ ਸਾਰੇ ਕਵੀਆਂ ਨੂੰ ਪਹਿਲੀ ਵਾਰ ਭਾਸ਼ਾ ਵਿਭਾਗ ਦੇ ਮੰਚ ’ਤੋਂ ਕਵਿਤਾ ਗਾਇਨ ਦਾ ਮੌਕਾ ਮਿਲਿਆ ਹੈ ਅਤੇ ਕੁਝ ਕਵੀ ਪਹਿਲੀ ਵਾਰ ਕਿਸੇ ਕਵੀ ਦਰਬਾਰ ’ਚ ਕਵਿਤਾ ਪੜ੍ਹ ਰਹੇ ਹਨ । ਉਨ੍ਹਾਂ ਕਿਹਾ ਕਿ ਵਿਭਾਗ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਸਥਾਪਤ ਸਾਹਿਤਕਾਰਾਂ ਨੂੰ ਸਤਿਕਾਰ ਦਿੱਤਾ ਜਾਵੇ ।

ਇੰਜੀਨੀਅਰ ਨਰਿੰਦਰ ਸ਼ਰਮਾ ਨੇ ਆਪਣੀ ਕਵਿਤਾ ‘ਮਿਹਨਤ ਸਦਕਾ ਰਾਹ ਜ਼ਿੰਦਗੀ ਨੂੰ ਮਿਲ ਜਾਂਦੇ ਨੇ..’ ਤੁਰੰਨਮ ’ਚ ਗਾ ਕੇ ਸਾਵਣ ਮਹੀਨੇ ਨੂੰ ਸਮਰਪਿਤ ਇਸ ਕਵੀ ਦਰਬਾਰ ਨੂੰ ਖੁਸ਼ਨੁਮਾ ਸ਼ੁਰੂਆਤ ਦਿੱਤੀ । ਫਿਰ ਅਮਰਜੀਤ ਕਸਕ ਨੇ ਆਪਣੀ ਕਵਿਤਾ ‘ਦੇਹਾਂ ਦੇ ਦਰਵਾਜ਼ੇ’ ਰਾਹੀਂ ਜ਼ਿੰਦਗੀ ਦੇ ਫਲਸਫੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਕਵਿੱਤਰੀ ਰਮਨ ਵਿਰਕ ਨੇ ਆਪਣੀ ਕਵਿਤਾਵਾਂ ਰਾਹੀਂ ਪਤੀ-ਪਤਨੀ ਦੇ ਸਬੰਧਾਂ ਦੇ ਵੱਖ-ਵੱਖ ਭਾਵਨਾਤਮਕ ਪਹਿਲੂਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ।

ਨਾਮਵਰ ਕਵੀ ਸੁਰਜੀਤ ਜੱਜ (Renowned poet Surjit Judge) ਨੇ ਆਪਣੀ ਪਹਿਲੀ ਕਵਿਤਾ ‘ਮੇਰੇ ਪੈਰਾਂ ਦੀ ਛੋਹ ਨਾਲ ਖੇਤੀਂ ਅੰਨ ਉਗਦਾ ਹੈ’ ਰਾਹੀਂ ਕਿਸਾਨੀ ਜੀਵਨ ਦੀ ਸੰਘਰਸ਼ਮਈ ਤਸਵੀਰ ਪੇਸ਼ ਕੀਤੀ ਅਤੇ ਦੂਸਰੀ ਕਵਿਤਾ ‘ਫੁੱਲਾਂ ਦੀ ਥਾਂ ਪੱਥਰ ਪੂਜੋਗੇ, ਪਰਲੋ ਨੇ ਤਾਂ ਆਉਣਾ ਏ’ ਰਾਹੀਂ ਵਾਤਾਵਰਣ ਸੰਭਾਲ ਦਾ ਹੋਕਾ ਦਿੱਤਾ। ਹਰਵਿੰਦਰ ਚੰਡੀਗੜ੍ਹ ਨੇ ਵੀ ਆਪਣੀ ਕਵਿਤਾ ‘ਡਰਨਾ’ ਤੇ ‘ਬੇਆਬ ਪੰਜਾਬ’ ਸਾਹਿਤਕ ਗੀਤ ਰਾਹੀਂ ਵਾਤਾਵਰਣ ਪ੍ਰਤੀ ਚਿੰਤਾ ਪ੍ਰਗਟ ਕੀਤੀ ।

ਅਨੂ ਬਾਲਾ ਅਨੰਦਪੁਰ ਸਾਹਿਬ (Anu Bala Anandpur Sahib) ਨੇ ਆਪਣੀ ਕਵਿਤਾ ‘ਪਿਆਸ ਜ਼ਾਹਿਰ ਕਰਦਿਆਂ ਮੈਂ ਪਾਣੀ ਤੋਂ ਡਰ ਜਾਂਦੀ ਹਾਂ’ ਰਾਹੀਂ ਅਜੋਕੇ ਸਮਾਜਿਕ ਤਾਣੇ-ਬਾਣੇ ਤੇ ਕਟਾਕਸ਼ ਕੀਤਾ। ਫਿਲੌਰ ਤੋਂ ਆਈ ਵਕੀਲ ਸਨੂ ਮਹਿਮੀ ਨੇ ‘ਸ਼ਹਿਰ ਦਾ ਹਾਲ’ ਰਾਹੀਂ ਸਾਡੇ ਸਮਾਜ ’ਚ ਭਾਈਚਾਰਕ ਸਾਂਝਾ ਨੂੰ ਲੱਗ ਰਹੇ ਗ੍ਰਹਿਣ ਦੀ ਗੱਲ ਕੀਤੀ। ਜਲੰਧਰ ਤੋਂ ਆਏ ਨੱਕਾਸ਼ ਚਿੱਤੇਵਾਣੀ ਨੇ ਆਪਣੀ ਲੰਬੀ ਕਵਿਤਾ ‘ਣ’ ਰਾਹੀਂ ਸਮਾਜ ਦੇ ਹਰ ਪਹਿਲੂ ਦੀ ਗੱਲ ਕੀਤੀ। ਫਿਲੌਰ ਤੋਂ ਆਏ ਸ਼ਾਮ ਸਰਗੂੰਦੀ ਨੇ ‘ਸਾਵਣਾਂ ਵੇ ਸਾਵਣਾਂ ਸਾਡੇ ਵਿਹੜੇ ਖੁਸ਼ੀਆਂ ਖੇੜੇ ਲੈ ਕੇ ਆਵਣਾਂ’ ਰਾਹੀਂ ਸਾਡੇ ਦੇਸ਼ ਦੇ ਮੌਜੂਦਾ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ਦੇ ਵਿਅੰਗ ਕੀਤਾ ।

ਡਾ. ਅਮਨਪ੍ਰੀਤ ਕੌਰ ਕੰਗ ਨੇ ‘ਸਾਉਣ ਦਾ ਮਹੀਨਾ ਤੈਨੂੰ ਲੱਭਦੀਆਂ ਅੱਖੀਆਂ’ ਕਵਿਤਾ ਤੇ ‘ਮਾਏ ਨੀ ਮਾਏ ਮੈਨੂੰ ਪੀਂਘ ਪਵਾਦੇ’ ਸਾਹਿਤਕ ਗੀਤ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ । ਵਿਸ਼ੇਸ਼ ਮਹਿਮਾਨ ਡਾ. ਅਮਰਜੀਤ ਕੌਂਕੇ ਨੇ ‘ਸਾਵਣ ਸਿਰਫ਼ ਉਨ੍ਹਾਂ ਲਈ ਹੈ ਜਿੰਨਾਂ ਦੇ ਸਿਰ ’ਤੇ ਛੱਤ ਹੈ..’ ਰਾਹੀਂ ਮਿਹਨਤਕਸ਼ ਤੇ ਕਿਰਤੀ ਲੋਕਾਂ ਦੀ ਤਰਸਮਈ ਤਸਵੀਰ ਪੇਸ਼ ਕੀਤੀ ਅਤੇ ਦੂਸਰੀ ਕਵਿਤਾ ‘ਬੰਜਰ ਹੋਈ ਧਰਤ’ ਰਾਹੀਂ ਪੰਜਾਬ ਦੇ ਵਾਤਾਵਰਣ ਬਾਰੇ ਚਿੰਤਾ ਪ੍ਰਗਟਾਈ ।

ਮੁੱਖ ਮਹਿਮਾਨ ਬੂਟਾ ਸਿੰਘ ਚੌਹਾਨ ਨੇ ਆਪਣੀਆਂ ਦੋ ਗਜ਼ਲਾਂ ਅਤੇ ਸ਼ੇਅਰਾਂ ਰਾਹੀਂ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੀ ਤਸਵੀਰ ਬਾਖੂਬੀ ਪੇਸ਼ ਕੀਤੀ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵਿਲੱਖਣ ਸਰਗਰਮੀਆਂ ਦੀ ਸ਼ਲਾਘਾ ਕੀਤੀ । ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਰਵਿੰਦਰ ਭੱਠਲ ਨੇ ਆਪਣੀ ਕਵਿਤਾ ‘ਤੁਸੀਂ ਕੀ ਜਾਣੋ ਕਿੱਕਲੀ ਪਾਉਂਦੀਆਂ ਕੁੜੀਆਂ ਨੂੰ’ ਰਾਹੀਂ ਔਰਤਾਂ ਦੇ ਚਾਵਾਂ ਤੇ ਉਮੰਗਾਂ ਨੂੰ ਪੇਸ਼ ਕੀਤਾ ।

ਉਨ੍ਹਾਂ ਆਪਣੀ ਦੂਸਰੀ ਕਵਿਤਾ ਰਾਹੀਂ ‘ਕਵੀ’ ਦੇ ਸੂਖ਼ਮ ਜ਼ਜਬਾਤਾਂ ਦੀ ਬਾਤ ਪਾਈ । ਅਖ਼ੀਰ ਵਿੱਚ ਵਿਭਾਗ ਦੀ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਵਿਭਾਗ ਵੱਲੋਂ ਸਾਰੇ ਕਵੀਆਂ ਨੂੰ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ । ਇਸ ਮੌਕੇ ਵਿਭਾਗ ਦੀ ਵਧੀਕ ਨਿਰਦੇਸ਼ਕਾ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਰਿੰਦਰ ਕੌਰ, ਦਵਿੰਦਰ ਕੌਰ ਤੇ ਰਾਬੀਆ, ਕਵੀ ਨਵਦੀਪ ਮੁੰਡੀ, ਗੁਰਵਿੰਦਰ ਅਮਨ, ਰੰਗਕਰਮੀ ਰਾਜੇਸ਼ ਸ਼ਰਮਾ, ਕਮਲਜੀਤ ਨਜ਼ਮ, ਕਮਲ ਸੇਖੋਂ ਸਮੇਤ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ ।

Read More : ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ

LEAVE A REPLY

Please enter your comment!
Please enter your name here