ਲਹਿਰਾ, 11 ਨਵੰਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਇਸੇ ਕੜੀ ਤਹਿਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ (Cabinet Minister Barinder Kumar Goyal) ਨੇ ਹਲਕਾ ਲਹਿਰਾ ਲਈ 40 ਖੇਡ ਸਟੇਡੀਅਮ ਮਨਜ਼ੂਰ ਕਰਵਾਏ ਹਨ। ਇਹਨਾਂ 40 ਖੇਡ ਸਟੇਡੀਅਮਾਂ ਵਿੱਚੋਂ 15 ਸਟੇਡੀਅਮਾਂ ਦੇ ਅੱਜ ਉਹਨਾਂ ਨੇ ਨੀਂਹ ਪੱਥਰ ਰੱਖੇ । ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖੇਡ ਸਟੇਡੀਅਮਾਂ, ਫਿਰਨੀ ਅਤੇ ਸੜਕਾਂ ਦੇ ਕੰਮ ਸ਼ੁਰੂ ਕਰਵਾਏ
ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੂਬੇ ਭਰ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿੰਨਾਂ ਵਿੱਚੋਂ ਪਹਿਲੇ ਗੇੜ ਵਿੱਚ 41 ਖੇਡ ਸਟੇਡੀਅਮ ਹਲਕਾ ਲਹਿਰਾ ਨੂੰ ਮਿਲੇ ਹਨ । ਉਹਨਾਂ ਕਿਹਾ ਕਿ ਅੱਜ ਕੁੱਲ 15 ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਇਹਨਾਂ ਪਿੰਡਾਂ ਵਿੱਚ ਗੋਵਿੰਦਪੁਰਾ ਜਵਾਹਰਵਾਲਾ, ਕੋਟਲਾ ਲਹਿਲ, ਆਲਮਪੁਰ, ਬਖੋਰਾ ਕਲਾਂ, ਚੋਟੀਆਂ, ਕਾਲੀਆ, ਚੁੜਲ ਕਲਾਂ, ਚੁੜਲ ਖੁਰਦ, ਕੜ੍ਹੈਲ, ਹਮੀਰਗੜ੍ਹ, ਬੱਗਾ ਕਲਾਂ, ਬੁਸ਼ੇਹਰਾ, ਡੂਡੀਆਂ, ਭਾਠੂਆਂ ਅਤੇ ਬਾਦਲਗੜ੍ਹ ਸ਼ਾਮਿਲ ਹਨ ।
ਹਲਕਾ ਲਹਿਰਾ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ : ਬਰਿੰਦਰ ਕੁਮਾਰ ਗੋਇਲ
ਉਹਨਾਂ ਕਿਹਾ ਕਿ ਇਹਨਾਂ 15 ਪਿੰਡਾਂ ਵਿੱਚ ਸਟੇਡੀਅਮ ਉਸਾਰਨ ਉੱਤੇ 5 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਖੇਡ ਸਟੇਡੀਅਮ ਬਹੁਤ ਜਲਦ ਬਣ ਕੇ ਤਿਆਰ ਹੋ ਜਾਣਗੇ । ਇਹਨਾਂ ਸਟੇਡੀਅਮਾਂ ਵਿੱਚ ਐਥਲੈਟਿਕ ਟਰੈਕ, ਬਾਸਕਟਬਾਲ, ਵਾਲੀਬਾਲ ਮੈਦਾਨ ਹੋਣ ਦੇ ਨਾਲ ਨਾਲ ਵਧੀਆ ਘਾਹ, ਫੁਹਾਰੇ, ਪਖਾਨੇ, ਲਾਈਟਾਂ ਅਤੇ ਬੈਂਚ ਲਗਾਏ ਜਾਣਗੇ । ਇਹਨਾਂ ਨੂੰ ਵਧੀਆ ਫੁੱਲ ਬੂਟੇ ਲਗਾ ਕੇ ਸਜਾਇਆ ਜਾਵੇਗਾ। ਇਹ ਖੇਡ ਸਟੇਡੀਅਮ ਨੌਜਵਾਨਾਂ ਅਤੇ ਸਾਰੀ ਉਮਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ ।
ਗਰਾਂਊਂਡ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਹੋਣ, ਇਸ ਕਰਕੇ ਇਹ ਪਿੰਡਾਂ ਦੇ ਵਿੱਚ ਹੀ ਬਣਾਏ ਜਾ ਰਹੇ ਹਨ
ਉਹਨਾਂ ਕਿਹਾ ਕਿ ਇਹ ਗਰਾਂਊਂਡ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਹੋਣ, ਇਸ ਕਰਕੇ ਇਹ ਪਿੰਡਾਂ ਦੇ ਵਿੱਚ ਹੀ ਬਣਾਏ ਜਾ ਰਹੇ ਹਨ । ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਸਟੇਡੀਅਮ ਪਿੰਡ ਤੋਂ ਦੂਰ ਹੋਣ ਤਾਂ ਲੋਕ ਇਹਨਾਂ ਦਾ ਲਾਭ ਨਹੀਂ ਲੈਂਦੇ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ । ਜੀਵਨ ਵਿੱਚ ਜਿੰਨੀ ਸਿੱਖਿਆ ਜ਼ਰੂਰੀ ਹੈ ਓਨੀ ਹੀ ਚੰਗੀ ਅਤੇ ਤੰਦਰੁਸਤ ਜੀਵਨ ਸ਼ੈਲੀ ਵੀ ਜ਼ਰੂਰੀ ਹੈ। ਅੱਜ ਦੇ ਬੱਚਿਆਂ ਨੂੰ ਖੇਡ ਸਟੇਡੀਅਮ ਨਾਲ ਜੋੜਨਾ ਸਮੇਂ ਦੀ ਲੋੜ ਹੈ ।
ਹਲਕਾ ਲਹਿਰਾ ਕਰ ਰਿਹਾ ਹੈ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ
ਉਹਨਾਂ ਕਿਹਾ ਕਿ ਹਲਕਾ ਲਹਿਰਾ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ । ਸਿੱਖਿਆ ਕ੍ਰਾਂਤੀ ਤਹਿਤ ਜਿੱਥੇ ਹਲਕੇ ਦੇ ਸਕੂਲਾਂ ਦੀ ਕਾਇਆ ਕਲਪ ਪਹਿਲਾਂ ਹੀ ਹੋ ਚੁੱਕੀ ਹੈ । ਉਥੇ ਹੁਣ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਕਰਨ ਦੀ ਕੋਸ਼ਿਸ਼ ਹੈ । ਇਸ ਦੌਰਾਨ ਉਹਨਾਂ ਨੇ 41 ਲੱਖ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਚੁਲੜ ਕਲਾਂ ਦੀ ਫਿਰਨੀ ਅਤੇ ਪਿੰਡ ਆਲਮਪੁਰ ਤੋਂ ਕਿਸ਼ਨਗੜ੍ਹ ਤੱਕ 76 ਲੱਖ ਰੁਪਏ ਨਾਲ ਮੁਰੰਮਤ ਹੋਣ ਵਾਲੀ 4 ਕਿਲੋਮੀਟਰ ਸੜਕ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਲਗਾਤਾਰ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਹੈ ।
ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ ਦੇਣ ਵਿਚ ਪੰਜਾਬ ਬਣਿਆਂ ਦੇਸ਼ ਦਾ ਪਹਿਲਾ ਸੂਬਾ
ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਬਣ ਗਿਆ ਹੈ ਜਿਸਨੇ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਜਿਆਦਾ ਮੁਆਵਜ਼ਾ ਹੜ੍ਹ ਪੀੜ੍ਹਤਾਂ ਨੂੰ ਦਿੱਤਾ ਹੈ । ਉਹਨਾਂ ਦਿੱਲੀ ਬੰਬ ਧਮਾਕੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ । ਇਸ ਮੌਕੇ ਉਹਨਾਂ ਨਾਲ ਹਰਦੀਪ ਸਿੰਘ ਸਰਪੰਚ ਗੋਬਿੰਦਪੁਰਾ ਜਵਾਹਰਵਾਲਾ, ਗੋਰਖਾ ਸਿੰਘ ਸਰਪੰਚ ਕੋਟਲਾ ਲਹਿਲ, ਬੂਟਾ ਸਿੰਘ ਸਰਪੰਚ ਆਲਮਪੁਰ, ਕੁਲਵਿੰਦਰ ਸਿੰਘ ਸਰਪੰਚ ਕਾਲੀਆ, ਬਿੱਲਾ ਸਿੰਘ ਸਰਪੰਚ ਚੁੜਲ ਖੁਰਦ, ਨਿੱਜੀ ਸਹਾਇਕ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।
Read More : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਵਿਖੇ ਮਨਾਈ ਗੋਪਸ਼ਟਮੀ









