ਪੰਜਾਬ ਦੇ ਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ

0
25
Punjab Finance Minister

ਚੰਡੀਗੜ੍ਹ/ਖਨੌਰੀ/ਮੂਨਕ, 31 ਅਗਸਤ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੁੰਦੀ ਸੰਭਾਵੀ ਹੜ੍ਹਾਂ ਦੀ ਸਥਿਤੀ (Flood situation) ਦੇ ਪੱਕੇ ਹੱਲ ਲਈ ਵਚਨਬੱਧ ਹੈ ਤੇ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦਾ ਸਥਾਈ ਹੱਲ ਹੋ ਸਕਦਾ ਹੈ ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਘੱਗਰ ਦਰਿਆ ਦੇ ਪੰਜਾਬ ਵਿਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤਕ, ਨੂੰ ਚੌੜਾ ਕੀਤੇ ਜਾਣ ਦੇ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਰ ਕੇ ਇਹ ਕਾਰਜ ਸਿਰੇ ਨਹੀਂ ਚੜ੍ਹ ਰਿਹਾ ।

ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ : ਹਰਪਾਲ ਸਿੰਘ ਚੀਮਾ

ਪੰਜਾਬ ਦੇ ਲੋਕਾਂ ਦੀ ਹੁੰਦੀ ਖੁਆਰੀ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਮਾਮਲੇ ਸਬੰਧੀ ਸਟੇਅ ਵਾਪਸ ਕਰਵਾਏ ਤਾਂ ਜੋ ਪੰਜਾਬ ਸਰਕਾਰ ਲੋਕਾਂ ਦੀ ਹਿਫਾਜ਼ਤ ਹਿਤ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦੇ ਕੰਢੇ ਮਜ਼ਬੂਤ ਕਰ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਨੇ ਖਨੌਰੀ ਹੈੱਡਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ ।

ਘੱਗਰ ਵਿੱਚ ਪਾਣੀ ਦਾ ਪੱਧਰ 743.7 ਫੁੱਟ; 748 ਫੁੱਟ ਹੈ ਖਤਰੇ ਦਾ ਨਿਸ਼ਾਨ; ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੇਵਲ ਸੁਚੇਤ ਰਹਿਣ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਅੱਜ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 748 ਫੁੱਟ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ ।

ਰੇਤੇ ਤੇ ਮਿੱਟੀ ਦੀਆਂ 02 ਲੱਖ ਬੋਰੀਆਂ ਤਿਆਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ । ਮਿੱਟੀ ਤੇ ਰੇਤੇ ਦੀਆਂ 02 ਲੱਖ ਬੋਰੀਆਂ ਤਿਆਰ ਰੱਖੀਆਂ ਗਈਆਂ ਹਨ । ਸਾਲ 2023 ਵਿੱਚ ਜਿੱਥੇ ਜਿੱਥੇ ਪਾੜ ਪਏ ਸਨ, ਉਨ੍ਹਾਂ ਥਾਵਾਂ ਨੂੰ ਉਚੇਚੇ ਤੌਰ ਉੱਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਕੰਢੇ ਵੀ ਚੌੜੇ ਕੀਤੇ ਗਏ ਹਨ ਤਾਂ ਲੋੜ ਪੈਣ ਉੱਤੇ ਮਸ਼ੀਨਰੀ ਸੌਖੇ ਢੰਗ ਉਨ੍ਹਾਂ ਉੱਪਰ ਚੱਲ ਸਕੇ ।

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਂ ਇੱਕ ਦੂਜੇ ਦੀ ਬਾਂਹ ਫੜਨ ਦਾ ਹੈ। ਇਸ ਲਈ ਹਰ ਵਿਅਕਤੀ ਕਿਸੇ ਵੀ ਲੋੜਵੰਦ ਲਈ ਜੋ ਵੀ ਕਰ ਸਕਦਾ ਹੈ, ਉਹ ਜ਼ਰੂਰ ਕਰੇ । ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਤਾਂ ਲੋੜੀਂਦੇ ਪ੍ਰਬੰਧ ਕੀਤੇ ਹੀ ਗਏ ਹਨ ਪਰ ਆਮ ਲੋਕ ਵੀ ਅੱਗੇ ਵੱਧ ਕੇ ਇੱਕ ਦੂਜੇ ਦਾ ਵੱਧ ਤੋਂ ਵੱਧ ਸਾਥ ਦੇਣ ।

ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ (Don’t believe rumors.) ਜੇਕਰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਫੌਰੀ ਪਿੰਡ ਦੀ ਪੰਚਾਇਤ ਨਾਲ ਰਾਬਤਾ ਕੀਤਾ ਜਾਵੇ ਤੇ ਅੱਗੇ ਪੰਚਾਇਤ ਫੌਰੀ ਤੌਰ ਉੱਤੇ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨਾਲ ਰਾਬਤਾ ਕਰੇ ਤਾਂ ਜੋ ਮੁਕਸ਼ਲ ਦਾ ਹੱਲ ਫੌਰੀ ਕੀਤਾ ਜਾ ਸਕੇ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਮੌਜੂਦ ਹਨ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਸਬੰਧੀ ਜ਼ਿਲ੍ਹੇ ਵਿਚਲੇ ਫਲਡ ਕੰਟਰੋਲ ਰੂਮ ਨੰਬਰਾਂ ਸਿੰਚਾਈ ਵਿਭਾਗ 87250-29785, ਜ਼ਿਲ੍ਹਾ ਪ੍ਰਸ਼ਾਸਨ 01672-234196 ‘ਤੇ ਰਾਬਤਾ ਕੀਤਾ ਜਾ ਸਕਦਾ ਹੈ ।

Read More : ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਹੋਣਗੀਆਂ ਵਿਸ਼ਵ ਪੱਧਰੀ : ਹਰਪਾਲ ਸਿੰਘ ਚੀਮਾ

LEAVE A REPLY

Please enter your comment!
Please enter your name here