ਚੰਡੀਗੜ੍ਹ : ਪੰਜਾਬ ਪੁਲਿਸ ਨੇ 13 ਮਹੀਨਿਆਂ ਤੋਂ ਬੰਦ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਨੂੰ ਖੁਲਵਾਉਣਾ ਸ਼ੁਰੂ ਕਰ ਦਿੱਤਾ ਹੈ। ਇਥੋਂ ਅੰਦੋਲਨਕਾਰੀ ਕਿਸਾਨਾਂ ਨੂੰ ਹਟਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਬਣਾਏ ਸ਼ੈੱਡਾਂ ਨੂੰ ਵੀ ਬੁਲਡੋਜ਼ਰਾਂ ਨਾਲ ਢਾਹ ਕੇ ਹਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰੀ ਪੁਲਿਸ ਫੋਰਸ ਖਨੌਰੀ ਬਾਰਡਰ ‘ਤੇ ਵੀ ਪਹੁੰਚ ਗਈ ਹੈ। ਪੁਲੀਸ ਨੇ ਸ਼ੰਭੂ ਸਰਹੱਦ ’ਤੇ ਕਿਸਾਨਾਂ ਦੀ ਸਟੇਜ ਅਤੇ ਟੈਂਟ ਵੀ ਉਖਾੜ ਦਿੱਤੇ ਹਨ।
ਜਾਣਕਾਰੀ ਅਨੁਸਾਰ ਸਰਕਾਰ ਨੇ ਸਰਹੱਦ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੈ। ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਹੈ। ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਕਿਸਾਨ ਸੜਕਾਂ ‘ਤੇ ਉਤਰ ਆਏ ਹਨ। ਵਿਰੋਧੀ ਧਿਰ ਸਮੇਤ ਸਾਰੇ ਕਿਸਾਨ ਆਗੂਆਂ ਨੇ ਵੀ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਖਨੌਰੀ ਬਾਰਡਰ ‘ਤੇ ਕਾਰਵਾਈ ਨੂੰ ਲੈ ਕੇ ਡੀ.ਆਈ.ਜੀ. ਮਨਦੀਪ ਸਿੱਧੂ ਨੇ ਕਿਹਾ ਕਿ 101% ਮੋਰਚਾ ਚੁੱਕਿਆ ਜਾਣਾ ਹੈ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ” ਸਾਡੀ ਪਾਰਟੀ ਅਤੇ ਸਾਡੀ ਸਰਕਾਰ ਸਦਾ ਕਿਸਾਨੀ ਦੇ ਨਾਲ਼ ਖੜ੍ਹੀ ਹੈ ਅਤੇ ਅਸੀਂ ਅੱਗੇ ਵੀ ਕਿਸਾਨ ਭਾਈਚਾਰੇ ਨੂੰ ਹਰ ਪੱਖੋਂ ਸਮਰਥਨ ਜਾਰੀ ਰੱਖਾਂਗੇ, ਪਰ ਕਿਸਾਨੀ ਧਰਨਿਆਂ ਕਰਕੇ ਦੂਜਿਆਂ ਸੂਬਿਆਂ ਨਾਲ਼ੋਂ ਸੜਕ ਸੰਪਰਕ ਲੰਮੇ ਸਮੇਂ ਤੋਂ ਟੁੱਟਿਆ ਹੋਣ ਕਾਰਨ, ਪੰਜਾਬ ਨੂੰ ਉਦਯੋਗ ਅਤੇ ਵਪਾਰ ਖੇਤਰ ‘ਚ ਵੱਡੀ ਸੱਟ ਵੱਜ ਰਹੀ ਹੈ ਅਤੇ ਇਹ ਧਰਨੇ ਬੇਰੁਜ਼ਗਾਰੀ ਵਧਾਉਣ ਦਾ ਕਾਰਨ ਬਣ ਰਹੇ ਹਨ। ਪੰਜਾਬ ਦੇ ਸਮੂਹ ਕਿਸਾਨ ਵੀਰਾਂ ਨੂੰ ਸਾਡੀ ਅਪੀਲ ਹੈ ਕਿ ਇਹ ਸੂਬਾ ਸਰਹੱਦਾਂ ਖੋਲ੍ਹਣ ਲਈ ਸਰਕਾਰ ਦਾ ਸਾਥ ਦੇਣ ਅਤੇ ਇਹਨਾਂ ਸੜਕਾਂ ਦੇ ਖੁੱਲ੍ਹਣ ਨਾਲ਼ ਪੰਜਾਬ ਦੀ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ।”
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਈ 7ਵੇਂ ਗੇੜ ਦੀ ਵਾਰਤਾ ਬੇਸਿੱਟਾ ਰਹੀ। ਇਹ ਗੱਲਬਾਤ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੀ। ਇਸ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪੀਯੂਸ਼ ਗੋਇਲ ਅਤੇ ਪ੍ਰਹਿਲਾਦ ਜੋਸ਼ੀ ਸਮੇਤ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ ਸੀ। ਮੀਟਿੰਗ ਤੋਂ ਬਾਅਦ ਜਦੋਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਵੱਲ ਪਰਤ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ