ਐਕਸ਼ਨ ਮੋਡ ‘ਚ ਪੰਜਾਬ ਸਰਕਾਰ! CM ਨੇ DC, SSPs ਤੇ ਪੁਲਿਸ ਕਮਿਸ਼ਨਰਾਂ ਨਾਲ ਕੀਤੀ ਹਾਈਲੈਵਲ ਮੀਟਿੰਗ
ਚੰਡੀਗੜ੍ਹ, 28 ਫਰਵਰੀ : ਪੰਜਾਬ ਸਰਕਾਰ ਹੁਣ ਨਸ਼ਿਆਂ ਖਿਲਾਫ ਐਕਸ਼ਨ ਮੋਡ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (28 ਫਰਵਰੀ) ਨੂੰ ਚੰਡੀਗੜ੍ਹ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਨਾਲ ਮੀਟਿੰਗ ਕੀਤੀ। ਨਸ਼ਾ ਤਸਕਰੀ ‘ਤੇ ਨਜ਼ਰ ਰੱਖਣ ਲਈ ਬਣਾਈ 5 ਮੈਂਬਰੀ ਕਮੇਟੀ ਦੇ ਮੈਂਬਰ, ਮੁੱਖ ਸਕੱਤਰ ਤੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਹਨ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੂੰ ਨਸ਼ੇ ਦੇ ਹੌਟਸਪੌਟਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ।
ਸਖ਼ਤ ਤੋਂ ਸਖ਼ਤ ਕਾਰਵਾਈ ਦੇ ਨਿਰਦੇਸ਼
ਇਸ ਦੇ ਨਾਲ ਹੀ ਸੀਐਮ ਮਾਨ ਨੇ ਅਫਸਰਾਂ ਨੂੰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਵਿਚਕਾਰ ਜਾ ਕੇ ਉਹਨਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ “ਅਸੀਂ ਚਾਹੁੰਦੇ ਹਾਂ ਕਿ ਸਾਡੇ ਅਫ਼ਸਰ ਸਾਹਿਬਾਨ ਬਿਨਾਂ ਕਿਸੇ ਦਬਾਅ ਤੋਂ ਦਿਲੇਰੀ ਨਾਲ ਕੰਮ ਕਰਨ ਤਾਂ ਜੋ ਸੂਬੇ ‘ਤੇ ਲੱਗੇ ਇਸ ਨਸ਼ੇ ਦੇ ਕਲੰਕ ਨੂੰ ਹਰ ਹੀਲੇ ਧੋਤਾ ਜਾ ਸਕੇ।”
ਹਰਪਾਲ ਚੀਮਾ ਨੇ ਦਿਤੀ ਜਾਣਕਾਰੀ
ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ “ਘਰ ਘਰ ਨਸ਼ੇ ਪਹੁੰਚਾਉਣ ਦਾ ਕੰਮ ਅਕਾਲੀ ਭਾਜਪਾ ਸਰਕਾਰ ਨੇ ਕੀਤਾ, ਜਗਦੀਸ਼ ਭੋਲਾ ਜਦੋਂ ਫੜਿਆ ਉਸਨੇ ਜਿਹਨਾਂ ਲੀਡਰਾਂ ਦਾ ਨਾਮ ਲਿਆ ਜੋ ਉਸ ਸਮੇ ਦੀ ਸਰਕਾਰ ਸਨ। ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਫੜ ਕੇ ਨਸ਼ਾ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ ਪਰ ਉਹਨਾਂ ਨੇ ਗ੍ਰਾਉੰਡ ਲੇਵਲ ਤੇ ਕੁੱਝ ਨਹੀਂ ਕੀਤਾ।” ਓਨਾ ਅੱਗੇ ਦੱਸਿਆ ਕਿ ਪਿਛਲੇ 3 ਸਾਲਾਂ ਵਿੱਚ 6500 ਤੋਂ ਵੱਧ ਵੱਡੇ ਤਸਕਰ ਫੜੇ ਗਏ ਹਨ। 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਜਿਨ੍ਹਾਂ ਦੀ ਨਸ਼ਾ ਤਸਕਰਾਂ ਨਾਲ ਥੋੜ੍ਹੀ ਜਿਹੀ ਵੀ ਸ਼ਮੂਲੀਅਤ ਸੀ। ਇਸ ਤੋਂ ਇਲਾਵਾ ANTS ਫੋਰਸ ਦਾ ਗਠਨ ਕੀਤਾ ਗਿਆ। 612 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ। 2022 ਤੋਂ ਹੁਣ ਤੱਕ 45000 ਛੋਟੇ ਤਸਕਰਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ, ਪਿਛਲੀ ਸਰਕਾਰ ਦੇ ਮੁਕਾਬਲੇ, ਪਿਛਲੇ ਤਿੰਨ ਸਾਲਾਂ ਵਿੱਚ 600 ਪ੍ਰਤੀਸ਼ਤ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ।”