ਅੱਜ ਪੰਜਾਬ ਬੰਦ: ਜਾਣੋ 7 ਤੋਂ ਸ਼ਾਮ 4 ਵਜੇ ਤੱਕ ਕੀ-ਕੁਝ ਰਹੇਗਾ ਬੰਦ ਤੇ ਕਿਹੜੀਆਂ ਸੇਵਾਵਾਂ ਰਹਿਣਗੀਆਂ ਜਾਰੀ
ਚੰਡੀਗੜ੍ਹ : ਪੰਜਾਬ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਕਿਸਾਨਾਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸਵੇਰ 7 ਤੋਂ ਸ਼ਾਮ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਰਹੇਗਾ। ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੋਟ ਹੋਵੇਗੀ।
ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਬੰਦ ਦੌਰਾਨ ਰੇਲਵੇ ਅਤੇ ਸੜਕੀ ਆਵਾਜਾਈ ਜਾਮ ਰਹੇਗੀ, ਦੁਕਾਨਾਂ ਵੀ ਬੰਦ ਰਹਿਣਗੀਆਂ, ਗੈਸ ਸਟੇਸ਼ਨ, ਪੈਟਰੋਲ ਪੰਪ, ਸਬਜ਼ੀ ਮੰਡੀ, ਦੁੱਧ ਦੀ ਸਪਲਾਈ ਸਮੇਤ ਹਰ ਚੀਜ਼ ਬੰਦ ਰੱਖੀ ਜਾਵੇਗੀ। ਸ਼ਾਮ 4 ਵਜੇ ਤੱਕ ਨਿੱਜੀ ਆਵਾਜਾਈ, ਬੱਸਾਂ, ਟਰੇਨਾਂ, ਆਟੋ ਅਤੇ ਟੈਕਸੀਆਂ ਨਹੀਂ ਚੱਲਣਗੀਆਂ। ਬੰਦ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਮੁਲਾਜ਼ਮਾਂ, ਵਪਾਰੀਆਂ ਤੇ ਸਮੂਹਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ ਸਿਰਫ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਜਿਸ ਵਿੱਚ ਮੈਡੀਕਲ ਸੇਵਾਵਾਂ, ਵਿਆਹ ਦੀਆਂ ਰਸਮਾਂ, ਬੱਚਿਆਂ ਦੀ ਇੰਟਰਵਿਊ, ਵਰਗੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਫਲਾਈਟ ਵਾਲਿਆਂ ਲਈ ਵੀ ਰਸਤਾ ਖੁੱਲ੍ਹਾ ਰਹੇਗਾ।